ਕੇਰਲ ਸੋਨਾ ਤਸਕਰੀ ਕੇਸ: CM ਦੇ ਸਾਬਕਾ ਮੁੱਖ ਸਕੱਤਰ ਐੱਮ ਸ਼ਿਵਸ਼ੰਕਰ ਗ੍ਰਿਫਤਾਰ
Wednesday, Nov 25, 2020 - 08:49 PM (IST)
ਤਿਰੂਵਨੰਤਪੁਰਮ - ਕੇਰਲ ਦੇ ਸੋਨਾ ਤਸਕਰੀ ਮਾਮਲੇ 'ਚ ਕਸਟਮ ਅਧਿਕਾਰੀਆਂ ਨੇ ਬਹੁਤ ਵੱਡੀ ਗ੍ਰਿਫਤਾਰੀ ਕੀਤੀ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਸਾਬਕਾ ਮੁੱਖ ਸਕੱਤਰ ਸੀ.ਐੱਮ.ਓ. ਐੱਮ ਸ਼ਿਵਸ਼ੰਕਰ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਐੱਮ. ਸ਼ਿਵਸ਼ੰਕਰ ਨੂੰ ਕਸਟਮ ਅਧਿਕਾਰੀਆਂ ਨੇ ਐਰਨਾਕੁਲਮ 'ਚ ਪੁੱਛਗਿੱਛ ਲਈ ਸੱਦਿਆ ਸੀ।
ਈ.ਡੀ. ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਸ਼ਿਵਸ਼ੰਕਰ ਨੂੰ
ਦੱਸ ਦਈਏ ਕਿ ਐੱਮ ਸ਼ਿਵਸ਼ੰਕਰ ਨੂੰ ਈ.ਡੀ. ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕਾ ਹੈ। ਸੋਨਾ ਤਸਕਰੀ 'ਚ ਸ਼ਾਮਲ ਮਨੀ ਲਾਂਡਰਿੰਗ ਕੇਸ 'ਚ ਈ.ਡੀ. ਨੇ ਐੱਮ ਸ਼ਿਵਸ਼ੰਕਰ ਨੂੰ 28 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ 'ਚ ਉਨ੍ਹਾਂ ਦਾ ਨਾਮ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਫਿਲਹਾਲ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ 'ਚ ਰੱਖਿਆ ਗਿਆ ਹੈ।
ਕੀ ਹੈ ਕੇਰਲ ਦਾ ਸੋਨਾ ਤਸਕਰੀ ਕੇਸ
ਤੁਹਾਨੂੰ ਦੱਸ ਦਈਏ ਕਿ ਬੀਤੀ 5 ਜੁਲਾਈ ਨੂੰ ਤਿਰੂਵਨੰਤਪੁਰਮ 'ਚ 30 ਕਿੱਲੋਗ੍ਰਾਮ ਸੋਨਾ ਫੜਿਆ ਗਿਆ ਸੀ। ਇਸ ਮਾਮਲੇ 'ਚ ਐੱਨ.ਆਈ.ਏ., ਕਸਟਮ ਅਤੇ ਈ.ਡੀ. ਵੱਖ-ਵੱਖ ਜਾਂਚ ਕਰ ਰਹੇ ਹਨ। ਸ਼ਿਵਸ਼ੰਕਰ ਦੇ ਸੰਬੰਧ ਦੂਤਾਵਾਸ ਦੀ ਸਾਬਕਾ ਕਰਮਚਾਰੀ ਸਵਪਨਾ ਸੁਰੇਸ਼ ਦੇ ਨਾਲ ਪਾਏ ਗਏ ਸਨ, ਜੋ ਇਸ ਤਸਕਰੀ ਰੈਕੇਟ ਦੀ ਸਰਗਨਾ ਹੈ। ਕਸਟਮ ਇਸ ਮਾਮਲੇ 'ਚ ਸਵਪਨਾ ਸਮੇਤ 15 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕਰ ਚੁੱਕਾ ਹੈ।