ਕੇਰਲ ਕਿਸ਼ਤੀ ਹਾਦਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ

05/08/2023 10:25:23 AM

ਮਲਪੁਰਮ (ਭਾਸ਼ਾ)- ਕੇਰਲ 'ਚ ਥੂਵਲਥੀਰਮ ਤੱਟ ਨੇੜੇ ਸੈਰ-ਸਪਾਟਾ ਕਿਸ਼ਤੀ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਕਿਸ਼ਤੀ ਡੁੱਬਣ ਤੋਂ ਬਾਅਦ 8 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਅਤੇ ਉਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਹੋ ਰਿਹਾ ਹੈ। ਕਿਸ਼ਤੀ 'ਚ 30 ਤੋਂ ਵੱਧ ਲੋਕ ਸਵਾਰ ਸਨ, ਇਹ ਕਿਸ਼ਤੀ ਥੂਵਲਥੀਰਮ ਤੱਟ ਨੇੜੇ ਤਾਨੁਰ 'ਚ ਸ਼ਾਮ ਕਰੀਬ 7.30 ਵਜੇ ਡੁੱਬ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਤੱਟ ਰੱਖਿਅਕਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਦੀ ਮੁਹਿੰਮ ਜਾਰੀ ਹੈ।

PunjabKesari

ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਹੜੇ 22 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ। ਅਧਿਕਾਰੀ ਨੇ ਕਿਹਾ,''ਅਸੀਂ ਸਾਰੀਆਂ ਏਜੰਸੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ। ਐੱਨ.ਡੀ.ਆਰ.ਐੱਫ. ਅਤੇ ਤੱਟ ਰੱਖਿਅਕ ਦੀ ਟੀਮ ਪਹਿਲਾਂ ਹੀ ਹਾਦਸੇ ਵਾਲੀ ਜਗ੍ਹਾ ਪਹੁੰਚ ਚੁੱਕੀਆਂ ਹਨ। ਅਸੀਂ ਜਲ ਸੈਨਾ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ।'' ਅਧਿਕਾਰੀ ਨੇ ਕਿਹਾ ਕਿ ਕਿਸ਼ਤੀ 'ਚ ਅਸਲ 'ਚ ਕਿੰਨੇ ਲੋਕ ਸਵਾਰ ਸਨ, ਅਜੇ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਅਤੇ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸਨ ਦਿਨ 'ਚ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰਨਗੇ, ਜਿੱਥੇ ਮੰਤਰੀ ਪੀ.ਏ. ਮੁਹਿੰਮਦ ਰਿਆਸ ਅਤੇ ਵੀ. ਅਬਦੁਰਹੀਮਨ ਦੀ ਅਗਵਾਈ 'ਚ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਸੂਬਾ ਸਰਕਾਰ ਨੇ ਸੋਮਵਾਰ ਨੂੰ ਇਕ ਦਿਨਾ ਸੋਗ ਦਾ ਐਲਾਨ ਕੀਤਾ ਹੈ ਅਤੇ ਸਾਰੇ ਅਧਿਕਾਰਤ ਪ੍ਰੋਗਰਾਮ ਰੱਦ ਕਰ ਦਿੱਤੇ ਹਨ।

PunjabKesari


DIsha

Content Editor

Related News