ਭਲਕੇ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਕਰਨਗੇ ਕੇਜਰੀਵਾਲ, ਪਰਿਵਾਰ ਸਮੇਤ ਇਸ ਘਰ ''ਚ ਰਹਿਣਗੇ

Thursday, Oct 03, 2024 - 11:44 AM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਯਾਨੀ ਕਿ ਭਲਕੇ ਦਿੱਲੀ ਦੇ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ਖਾਲੀ ਕਰ ਦੇਣਗੇ। ਕੇਜਰੀਵਾਲ ਲੁਟੀਅਨ ਦਿੱਲੀ ਵਿਚ ਸੰਸਦ ਮੈਂਬਰਾਂ ਲਈ ਬਣੇ ਇਕ ਬੰਗਲੇ ਵਿਚ ਚੱਲੇ ਜਾਣਗੇ। ਪਾਰਟੀ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।

ਦੱਸ ਦੇਈਏ ਕਿ ਪਿਛਲੇ ਮਹੀਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਕੇਜਰੀਵਾਲ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਅਧਿਕਾਰਤ ਆਵਾਸ 'ਚ ਰਹਿਣਗੇ, ਜੋ ਮੰਡੀ ਹਾਊਸ ਕੋਲ ਫਿਰੋਜ਼ਸ਼ਾਹ ਰੋਡ 'ਤੇ ਸਥਿਤ ਹੈ। ਇਹ ਆਵਾਸ ਰਵੀਸ਼ੰਕਰ ਸ਼ੁਕਲਾ ਲੇਨ ਸਥਿਤ 'ਆਪ' ਹੈੱਡਕੁਆਰਟਰ ਨੇੜੇ ਹੈ।  ਸੂਤਰਾਂ ਮੁਤਾਬਕ ਮਿੱਤਲ ਨੇ ਖੁਦ ਅਰਵਿੰਦ ਕੇਜਰੀਵਾਲ ਨੂੰ ਆਪਣੀ ਰਿਹਾਇਸ਼ 'ਤੇ ਸ਼ਿਫਟ ਹੋਣ ਦੀ ਪੇਸ਼ਕਸ਼ ਕੀਤੀ ਸੀ।ਇਸ ਤੋਂ ਪਹਿਲਾਂ ਪਾਰਟੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਜਿਹੀ ਜਾਇਦਾਦ ਦੀ ਤਲਾਸ਼ ਕਰ ਰਹੇ ਹਨ ਜੋ ਵਿਵਾਦ ਮੁਕਤ ਹੋਵੇ ਅਤੇ ਉੱਥੇ ਰਹਿਣ ਵਿਚ ਕੋਈ ਸਮੱਸਿਆ ਨਾ ਹੋਵੇ।

17 ਸਤੰਬਰ ਨੂੰ ਕੇਜਰੀਵਾਲ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫਾ ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਸੌਂਪਿਆ। ਜਿਸ ਤੋਂ ਬਾਅਦ ਕੇਜਰੀਵਾਲ ਸਰਕਾਰ ਵਿਚ ਮੰਤਰੀ ਆਤਸ਼ੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ। ਕੇਜਰੀਵਾਲ ਨੇ ਤਿਹਾੜ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਕੁਝ ਦਿਨ ਬਾਅਦ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਉਹ ਤਾਂ ਹੀ ਅਹੁਦੇ 'ਤੇ ਵਾਪਸ ਪਰਤਣਗੇ ਜੇਕਰ ਉਨ੍ਹਾਂ ਨੂੰ ਫਰਵਰੀ 2025 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਦਿੱਲੀ ਦੇ ਲੋਕਾਂ ਤੋਂ ਨਵਾਂ ਫਤਵਾ ਅਤੇ 'ਈਮਾਨਦਾਰੀ ਦਾ ਪ੍ਰਮਾਣ ਪੱਤਰ' ਮਿਲਦਾ ਹੈ। ਅਗਲੇ ਸਾਲ ਫਰਵਰੀ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। 


Tanu

Content Editor

Related News