ਗੁਜਰਾਤ ਚੋਣਾਂ ਤੋਂ ਪਹਿਲਾਂ CM ਕੇਜਰੀਵਾਲ ਅੱਜ ਕੱਛ ਦੇ ਦੌਰੇ ’ਤੇ
Tuesday, Aug 16, 2022 - 10:51 AM (IST)
ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਮੰਗਲਵਾਰ ਨੂੰ ਗੁਜਰਾਤ ਦਾ ਇਕ ਦਿਨਾ ਦੌਰਾ ਕਰਨਗੇ ਅਤੇ ਕੱਛ ਜ਼ਿਲ੍ਹੇ ਦੇ ਭੁੱਜ ’ਚ ਟਾਊਨ ਹਾਲ ਬੈਠਕ ’ਚ ਹਿੱਸਾ ਲੈਣਗੇ। ਆਮ ਆਦਮੀ ਪਾਰਟੀ (ਆਪ) ਦੇ ਇਕ ਨੇਤਾ ਨੇ ਦੱਸਿਆ ਕਿ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਦਾ ਇਸ ਮਹੀਨੇ ਗੁਜਰਾਤ ਦਾ ਇਹ ਚੌਥਾ ਦੌਰਾ ਹੈ। ਗੁਜਰਾਤ ’ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
‘ਆਪ’ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਮਨੋਜ ਸਰੋਠੀਆ ਨੇ ਇਕ ਵੀਡੀਓ ਸੰਦੇਸ਼ ’ਚ ਕਿਹਾ, ‘‘ਕੇਜਰੀਵਾਲ ਭੁੱਜ ’ਚ ਇਕ ਪੱਤਰਕਾਰ ਸੰਮੇਲਨ ਅਤੇ ਟਾਊਨ ਹਾਲ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਉਹ ਸੂਬੇ ਦੇ ਲੋਕਾਂ ਲਈ ਕੁਝ ਮਹੱਤਵਪੂਰਨ ਐਲਾਨ ਕਰਨਗੇ। ਉਹ ਆਗਾਮੀ ਚੋਣਾਂ ਦੇ ਸਬੰਧ ’ਚ ਪਾਰਟੀ ਦੇ ਨੇਤਾਵਾਂ ਨਾਲ ਇਕ ਬੈਠਕ ਵੀ ਕਰਨਗੇ।’’
ਦੱਸ ਦੇਈਏ ਕਿ ਕੇਜਰੀਵਾਲ ਨੇ ਇਕ ਅਗਸਤ ਨੂੰ ਗਿਰ ਸੋਮਨਾਥ ਜ਼ਿਲ੍ਹੇ ’ਚ ਇਕ ਵੱਡੀ ਸਭਾ ਨੂੰ ਸੰਬੋਧਿਤ ਕੀਤਾ ਸੀ ਅਤੇ ਰਾਜਕੋਟ ਦੇ ਇਕ ਮੰਦਰ ਵਿਚ ਪੂਜਾ ਵੀ ਕੀਤੀ ਸੀ। ਉਨ੍ਹਾਂ ਨੇ 6 ਅਤੇ 7 ਅਗਸਤ ਜਾਮਨਗਰ ਅਤੇ ਛੋਟਾ ਉਦੈਪੁਰ ਜ਼ਿਲ੍ਹੇ ਦੇ ਜਨਜਾਤੀ ਬਹੁਲ ਬੋਡੇਲੀ ਦਾ ਵੀ ਦੌਰਾ ਕੀਤਾ ਸੀ।