ਜੰਮੂ ''ਚ ਰੈਲੀ ਦੌਰਾਨ ਕੇਜਰੀਵਾਲ ਨੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ, ਉਮਰ ਅਬਦੁੱਲਾ ਨੂੰ ਕੀਤੀ ਇਹ ਅਪੀਲ

Sunday, Oct 13, 2024 - 05:17 PM (IST)

ਸ਼੍ਰੀਨਗਰ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਡੋਡਾ 'ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ 'ਆਪ' ਵਿਧਾਇਕ ਮਹਿਰਾਜ ਮਲਿਕ ਲਈ ਨੈਸ਼ਨਲ ਕਾਨਫਰੰਸ 'ਚ ਜ਼ਿੰਮੇਵਾਰੀ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਨੇ ਉਮਰ ਅਬਦੁੱਲਾ ਨੂੰ ਆਪਣਾ ਸਮਰਥਨ ਦਿੱਤਾ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਪੀ.ਐੱਮ. ਮੋਦੀ ਨੇ ਮੇਰੇ 'ਤੇ ਮੁਫ਼ਤ ਦੀ ਰਿਓੜੀ ਦੇਣ ਦਾ ਦੋਸ਼ ਲਗਾਇਆ। ਪੀ.ਐੱਮ. ਮੋਦੀ ਨੇ ਤੁਹਾਨੂੰ ਲੁੱਟਿਆ ਅਤੇ ਸਾਰੇ ਸਰੋਤ ਆਪਣੇ ਦੋਸਤਾਂ ਨੂੰ ਦੇ ਦਿੱਤੇ।'' ਕੇਜਰੀਵਾਲ ਨੇ ਕਿਹਾ,''ਉਮੀਦ ਹੈ ਕਿ ਉਮਰ ਅਬਦੁੱਲਾ ਮਹਿਰਾਜ ਮਲਿਕ ਨੂੰ ਆਪਣੀ ਸਰਕਾਰ 'ਚ ਜ਼ਿੰਮੇਵਾਰੀ ਦੇਣਗੇ ਤਾਂ ਕਿ ਉਹ ਸਿਰਫ਼ ਡੋਡਾ ਹੀ ਨਹੀਂ ਸਗੋਂ ਪੂਰੇ ਜੰਮੂ ਕਸ਼ਮੀਰ ਦੀ ਸੇਵਾ ਕਰ ਸਕਣ।'' ਉਨ੍ਹਾਂ ਕਿਹਾ ਕਿ ਮਹਿਰਾਜ ਨੇ ਧਰਮ ਦੇ ਆਧਾਰ 'ਤੇ ਚੋਣ ਨਹੀਂ ਲੜੀ। ਉਨ੍ਹਾਂ ਨੇ ਸਸਤੀ ਬਿਜਲੀ, ਸਕੂਲ ਅਤੇ ਹਸਪਤਾਲ ਦੇ ਮੁੱਦੇ 'ਤੇ ਚੋਣ ਜਿੱਤੀ ਹੈ। 

ਕੇਜਰੀਵਾਲ ਨੇ ਕਿਹਾ,''ਪੀ.ਐੱਮ. ਮੋਦੀ ਕਹਿੰਦੇ ਹਨ ਕਿ ਕੇਜਰੀਵਾਲ ਮੁਫ਼ਤ ਦੀ ਰਿਓੜੀ ਦੇ ਰਿਹਾ ਹੈ। ਮੈਂ ਮੋਦੀ ਜੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਨ੍ਹਾਂ ਮੁਫ਼ਤ ਦੀਆਂ ਰਿਓੜੀਆਂ ਨੂੰ ਰੋਕਣ। ਮੋਦੀ ਜੀ ਆਪਣੇ ਇਕ ਦੋਸਤ ਨੂੰ ਸਾਰੇ ਸਰੋਤ ਦਿੰਦੇ ਹਨ। ਮੈਂ ਦਿੱਲੀ ਦੇ 2 ਕਰੋੜ ਲੋਕਾਂ ਲਈ ਕੰਮ ਕਰਦਾ ਹਾਂ।'' ਉਨ੍ਹਾਂ ਕਿਹਾ,''ਮਹਿਰਾਜ ਮਲਿਕ ਨੇ ਬਹੁਤ ਸਮਾਜ ਸੇਵਾ ਕੀਤੀ ਹੈ। ਉਹ ਅਨੁਭਵ ਸਾਰਿਆਂ ਲਈ ਕੰਮ ਆਉਣਾ ਚਾਹੀਦਾ। ਡੋਡਾ ਦੀ ਹਾਲਤ ਖ਼ਰਾਬ ਹੈ। ਇੱਥੇ ਸਕੂਲ, ਹਸਪਤਾਲ ਨਹੀਂ ਹਨ। ਬਿਜਲੀ ਕਾਫ਼ੀ ਮਹਿੰਗੀ ਹੈ। ਅਸੀਂ ਚਾਹੁੰਦੇ ਹਾਂ ਕਿ ਡੋਡਾ ਦਾ ਵਿਕਾਸ ਹੋਵੇ। ਮਹਿਰਾਜ ਮਲਿਕ ਬਿਜਲੀ ਪਾਣੀ ਸੜਕ ਮੁੱਦਿਆਂ 'ਤੇ ਚੋਣ ਜਿੱਤੇ ਹਨ। ਆਮ ਆਦਮੀ ਪਾਰਟੀ 'ਚ ਅਸੀਂ ਸੰਸਦ ਮੈਂਬਰ, ਵਿਧਾਇਕ ਬਣਨ ਨਹੀਂ ਆਏ ਹਾਂ। ਮਹਿਰਾਜ ਨੂੰ ਵਿਧਾਇਕ ਬਣਨ 'ਚ 12 ਸਾਲ ਲੱਗ ਗਏ।'' ਇਸ ਰੈਲੀ 'ਚ 'ਆਪ' ਸੰਸਦ ਮੈਂਬਰ ਸੰਜੇ ਸਿੰਘ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਅਤੇ ਭਾਜਪਾ ਨੂੰ ਘੇਰਿਆ। ਸੰਜੇ ਸਿੰਘ ਨੇ ਕਿਹਾ ਕਿ ਡੋਡਾ ਨੇ ਇਤਿਹਾਸ ਰਚਿਆ ਹੈ। ਅਸੀਂ ਪੀਐੱਮ ਮੋਦੀ ਅੱਗੇ ਝੁਕੇ ਨਹੀਂ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ,''ਅਮਿਤ ਸ਼ਾਹ ਅਤੇ ਮੋਦੀ ਹੰਕਾਰ 'ਚ ਜੀ ਰਹੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਹੀ ਦੁਨੀਆ ਚਲਾ ਰਹੇ ਹਾਂ। ਝੂਠ 'ਤੇ ਝੂਠ ਅਤੇ ਜੁਮਲੇ 'ਤੇ ਜੁਮਲੇ ਚੱਲਦੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News