ਐੱਮ. ਸੀ. ਡੀ. ਦੀ ਨਾਕਾਮੀ ਦਾ ਬਹਾਨਾ ਨਾ ਬਣਾਏ ਭਾਜਪਾ : ਕੇਜਰੀਵਾਲ
Friday, Oct 21, 2022 - 12:16 PM (IST)
ਨਵੀਂ ਦਿੱਲੀ (ਅਨਸ)– ਆਮ ਆਦਮੀ ਪਾਰਟੀ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਕਿਹਾ ਕਿ ਭਾਜਪਾ ਨੂੰ ਐੱਮ. ਸੀ. ਡੀ. ਬਾਰੇ ਆਪਣੀ ਅਸਫਲਤਾ ਦਾ ਬਹਾਨਾ ਨਹੀਂ ਬਣਾਉਣਾ ਚਾਹੀਦਾ ਸਗੋਂ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ 15 ਸਾਲਾਂ ’ਚ ਕੀ ਕੀਤਾ ਹੈ?
ਟਵੀਟਾਂ ਦੀ ਲੜੀ ’ਚ ‘ਆਪ’ ਦੇ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਅਗਲੀਆਂ ਐੱਮ. ਸੀ. ਡੀ. ਦੀਆਂ ਚੋਣਾਂ ’ਚ ਦਿੱਲੀ ਦੇ ਲੋਕ ਫੈਸਲਾ ਕਰਨਗੇ ਕਿ ਉਹ ਕੂੜੇ ਨਾਲ ਭਰੀ ਦਿੱਲੀ ਚਾਹੁੰਦੇ ਹਨ ਜਾਂ ਸਾਫ-ਸੁਥਰੀ ਦਿੱਲੀ।
3 ਸਾਬਕਾ ਮਿਊਂਸਪਲ ਕੌਂਸਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਸਵਾਲ ਕੀਤ ਕਿ ਕੇਂਦਰ ਸਰਕਾਰ ਨੇ 15 ਸਾਲਾਂ ’ਚ ਐੱਮ. ਸੀ. ਡੀ. ਨੂੰ ਕਿੰਨੇ ਪੈਸੇ ਦਿੱਤੇ? ਕੀ ਦੋਵਾਂ ਥਾਵਾਂ ’ਤੇ ਭਾਜਪਾ ਦੀ ਸਰਕਾਰ ਨਹੀਂ ਸੀ? ਇੱਕ ਡਬਲ ਇੰਜਣ? ਆਪਣੀ ਅਸਫਲਤਾ ਦਾ ਬਹਾਨਾ ਨਾ ਬਣਾਓ। ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ- ਲੋਕਾਂ ਨੂੰ ਦੱਸੋ ਕਿ ਤੁਸੀਂ 15 ਸਾਲਾਂ ਵਿੱਚ ਕੀ ਕੰਮ ਕੀਤਾ ਹੈ।
ਇੱਕ ਹੋਰ ਟਵੀਟ ਵਿੱਚ ਕੇਜਰੀਵਾਲ ਨੇ ਕਿਹਾ ਕਿ ਜੋ ਤੁਸੀਂ 15 ਸਾਲਾਂ ਵਿੱਚ ਨਹੀਂ ਕਰ ਸਕੇ, ਉਸ ਲਈ ਹੁਣ ਤੁਸੀਂ ਤਿੰਨ ਸਾਲ ਹੋਰ ਚਾਹੁੰਦੇ ਹੋ? ਲੋਕਾਂ ਨੂੰ ਤੁਹਾਡੇ ’ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ? ਤੁਸੀਂ ਇਹ ਕਰਨ ਦੇ ਯੋਗ ਨਹੀਂ ਹੋਵੋਗੇ। ਹੁਣ ਅਸੀਂ ਦਿੱਲੀ ਨੂੰ ਕੂੜਾ ਮੁਕਤ ਬਣਾਵਾਂਗੇ।