ਦਿੱਲੀ ’ਚ ਵੱਧਦੇ ਪ੍ਰਦੂਸ਼ਣ ’ਤੇ ਕੇਜਰੀਵਾਲ ਨੇ ਕਿਹਾ- ਅਜੇ ਲੰਮਾ ਸਫ਼ਰ ਤੈਅ ਕਰਨਾ ਹੈ
Tuesday, Oct 25, 2022 - 02:16 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰ ’ਚ ਪ੍ਰਦੂਸ਼ਣ ਦੇ ਕਹਿਰ ਨੂੰ ਰੋਕਣ ਲਈ ਦਿੱਲੀ ਵਾਸੀਆਂ ਵਲੋਂ ਕੀਤੀ ਜਾ ਰਹੀ ਕੋਸ਼ਿਸ਼ ਉਤਸ਼ਾਹਜਨਕ ਪਰ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ। ਦੀਵਾਲੀ ’ਤੇ ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਵਾਰ ਮੌਸਮ ਅਨੁਕੂਲ ਹੋਣ ਕਾਰਨ ਪਿਛਲੇ ਸਾਲਾਂ ਦੀ ਤੁਲਨਾ ’ਚ ਇਸ ਵਾਰ ਹਾਲਾਤ ਬਿਹਤਰ ਹਨ।
ਮੰਗਲਵਾਰ ਸਵੇਰੇ 8 ਵਜੇ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (AQI) 323 ਰਿਹਾ। ਕੇਜਰੀਵਾਲ ਨੇ ਟਵੀਟ ਕੀਤਾ, ‘‘ਪ੍ਰਦੂਸ਼ਣ ਦੇ ਖੇਤਰ ’ਚ ਦਿੱਲੀ ਵਾਸੀ ਕਾਫੀ ਮਿਹਨਤ ਕਰ ਰਹੇ ਹਨ। ਕਾਫੀ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ ਪਰ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ। ਦਿੱਲੀ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਬਣਾਵਾਂਗੇ।’’ ਪਿਛਲੇ ਕੁਝ ਸਾਲਾਂ ਵਿਚ ਦਿੱਲੀ ਇਸ ਸਮੇਂ ਦੌਰਾਨ ਦੀਵਾਲੀ ਦੇ ਪਟਾਕਿਆਂ ਅਤੇ ਪਰਾਲੀ ਸਾੜਨ ਕਾਰਨ PM2.5 ਪ੍ਰਦੂਸ਼ਕਾਂ ਕਾਰਨ ਉੱਚ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਦਿੱਲੀ ਨੇ ਪਿਛਲੇ ਸਾਲ ਦੀਵਾਲੀ 'ਤੇ 382 AQI ਰਿਹਾ। 2020 ’ਚ 414, 2019 ’ਚ 337, 2017 ’ਚ 319 ਅਤੇ 2016 ’ਚ 431 AQI ਦਰਜ ਕੀਤਾ ਗਿਆ। ਦਿੱਲੀ ਵਿਚ ਐਤਵਾਰ ਸ਼ਾਮ ਨੂੰ 24 ਘੰਟੇ ਦੀ ਔਸਤ AQI 259 ਦਰਜ ਕੀਤੀ ਗਈ, ਜੋ ਦੀਵਾਲੀ ਦੀ ਪੂਰਵ ਸੰਧਿਆ 'ਤੇ ਸੱਤ ਸਾਲਾਂ ਵਿਚ ਸਭ ਤੋਂ ਘੱਟ ਸੀ।