3 ਸੂਬਿਆਂ ''ਚ ਹਾਰ ਮਗਰੋਂ ਕੇਜਰੀਵਾਲ ਦਾ ਬਿਆਨ- ''ਪਰ ਸਾਡ ਤੋਂ ਕੋਈ ਦਿੱਲੀ ਨਹੀਂ ਖੋਹ ਸਕਦਾ''
Thursday, Dec 07, 2023 - 11:53 AM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਹਾਲ ਹੀ 'ਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਲੜੀਆਂ ਸਨ। ਹਾਲਾਂਕਿ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ 'ਚ ਨਾ ਸਿਰਫ ਮਾੜੀ ਕਾਰਗੁਜ਼ਾਰੀ ਸਗੋਂ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਵਰਗੇ ਵੱਡੇ ਨੇਤਾਵਾਂ ਨੂੰ ਜੇਲ੍ਹ ਜਾਣ ਕਾਰਨ ਵੀ ਵਰਕਰਾਂ ਦਾ ਮਨੋਬਲ ਕਾਫੀ ਟੁੱਟ ਗਿਆ ਹੈ। ਦਰਅਸਲ ਕੇਜਰੀਵਾਲ ਪਾਰਟੀ ਹੈੱਡਕੁਆਰਟਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਵਰਕਰਾਂ ਨੂੰ ਸੰਬੋਧਿਤ ਕਰ ਰਹੇ ਸਨ। ਕੇਜਰੀਵਾਲ ਨੇ ਕਿਹਾ ਕਿ ਭਾਵੇਂ ਹੀ 3 ਸੂਬਿਆਂ 'ਚ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਾਡੇ ਤੋਂ ਕੋਈ ਦਿੱਲੀ ਨਹੀਂ ਖੋਹ ਸਕਦਾ। ਕੇਜਰੀਵਾਲ ਨੇ ਆਗਾਮੀ ਚੋਣਾਂ ਲਈ ਵਰਕਰਾਂ ਨੂੰ ਸਿੱਧਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਦਾ ਹੌਸਲਾ ਵੀ ਵਧਾਇਆ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਜ ਸਾਰੀਆਂ ਪਾਰਟੀਆਂ ਸਾਡੀ ਗਾਰੰਟੀ ਦੀ ਨਕਲ ਕਰਦੀਆਂ ਹਨ, ਪਰ ਅੱਜ ਵੀ ਅਸੀਂ ਸਿਰਫ ਸਿੱਖਿਆ ਦੀ ਗਾਰੰਟੀ ਦਿੰਦੇ ਹਾਂ। ਪਾਰਟੀਆਂ ਦੀ ਗਰੰਟੀ ਵੇਖੋ ਜਾਂ ਸੰਕਲਪ ਪੱਤਰ, ਕੋਈ ਵੀ ਇਹ ਨਹੀਂ ਕਹਿੰਦਾ ਕਿ ਉਹ ਮੁਫਤ ਸਿੱਖਿਆ ਦੇਣਗੇ। ਅਜਿਹਾ ਸਿਰਫ਼ ਆਮ ਆਦਮੀ ਪਾਰਟੀ ਹੀ ਕਰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ 75 ਸਾਲਾਂ ਤੋਂ ਜਾਣਬੁੱਝ ਕੇ ਸਿੱਖਿਆ ਤੋਂ ਦੂਰ ਰੱਖਿਆ ਗਿਆ, ਅਨਪੜ੍ਹਾਂ ਨੂੰ ਅਨਪੜ੍ਹ ਰੱਖਿਆ ਗਿਆ। ਜੇਕਰ ਸਾਡੀ ਸਰਕਾਰ 5-7 ਸਾਲਾਂ ਵਿਚ ਇੰਨੀ ਚੰਗੀ ਸਿੱਖਿਆ ਦੇ ਸਕਦੀ ਹੈ ਤਾਂ ਇਹ ਪਾਰਟੀਆਂ ਕਿਉਂ ਨਹੀਂ ਸਿੱਖਿਆ ਪ੍ਰਦਾਨ ਕਰ ਸਕਦੀਆਂ?
ਕੇਜਰੀਵਾਲ ਨੇ ਕਿਹਾ ਕਿ ਦੂਜੀ ਚੀਜ਼ ਹੈ ਸੇਵਾ। ਪਿਛਲੇ ਜਨਮ ਵਿਚ ਕੁਝ ਚੰਗੇ ਕੰਮ ਕੀਤੇ ਹੋਣਗੇ ਕਿ ਆਮ ਪਰਿਵਾਰਾਂ ਤੋਂ ਆਏ ਲੋਕ ਵਿਧਾਇਕ ਮੰਤਰੀ ਬਣ ਗਏ। ਉਪਰ ਵਾਲੇ ਨੇ ਸਾਨੂੰ ਇਹ ਮੌਕਾ ਦਿੱਤਾ ਪਰ ਜੇਕਰ ਇਸ 'ਤੇ ਹੰਕਾਰ ਕੀਤਾ ਤਾਂ ਸਭ ਖ਼ਤਮ ਹੈ। ਸੱਤਾ ਦਾ ਸੇਵਾ ਲਈ ਇਸਤੇਮਾਲ ਕਰਨਾ ਹੈ। ਸਾਨੂੰ ਬਾਬਾ ਸਾਹਿਬ ਅੰਬੇਡਕਰ ਵਾਂਗ ਹੀ ਸੰਘਰਸ਼ ਕਰਨਾ ਪਵੇਗਾ। ਅੱਜ ਪਾਰਟੀ ਦੇ 3-4 ਨੇਤਾ ਜੇਲ੍ਹ ਵਿਚ ਹਨ ਅਤੇ ਉਹ ਝੁੱਕ ਜਾਣ ਅਤੇ ਭਾਜਪਾ ਨਾਲ ਹੱਥ ਮਿਲਾ ਲੈਣ ਤਾਂ ਚੰਗੀ ਜ਼ਿੰਦਗੀ ਜਿਊਣ ਪਰ ਉਹ ਭਗਤ ਸਿੰਘ ਦੇ ਚੇਲੇ ਹਨ, ਝੁਕਣਗੇ ਨਹੀਂ।