ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ ’ਚ ਲਗਾਏ ਗੰਭੀਰ ਦੋਸ਼
Saturday, Jan 11, 2025 - 10:37 PM (IST)
ਨਵੀਂ ਦਿੱਲੀ, (ਏਜੰਸੀਆਂ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਇਕ ਚਿੱਠੀ ਲਿਖ ਕੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ’ਚ ਵੱਡੇ ਪੱਧਰ ’ਤੇ ਬੇਨਿਯਮੀਆਂ ਦਾ ਦੋਸ਼ ਲਾਇਆ ਹੈ। ਚਿੱਠੀ ’ਚ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਦੇ ਕੇਂਦਰੀ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਪਤਿਆਂ ’ਤੇ ਜਾਅਲੀ ਵੋਟਾਂ ਮਿਲ ਰਹੀਆਂ ਹਨ।
ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਜਾਅਲੀ ਵੋਟਾਂ ਬਣਾਉਣ ਵਾਲਿਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਤੁਰੰਤ ਕਾਰਵਾਈ ਕੀਤੀ ਜਾਵੇ।
ਬੂਥਾਂ ’ਤੇ ਕਬਜ਼ਾ ਕਰਨ ਨਾਲੋਂ ਵੀ ਵੱਧ ਖ਼ਤਰਨਾਕ
ਕੇਜਰੀਵਾਲ ਨੇ ਕਿਹਾ ਕਿ ਜੇ ਭਾਜਪਾ 5,500 ਅਸਲੀ ਵੋਟਾਂ (ਕੁੱਲ ਵੋਟਰਾਂ ਦਾ 5.5 ਫੀਸਦੀ) ਨੂੰ ਧੋਖਾਦੇਹੀ ਨਾਲ ਕੱਟਣ ਤੇ 13,000 ਜਾਅਲੀ ਵੋਟਾਂ (ਮੌਜੂਦਾ ਕੁੱਲ ਵੋਟਰਾਂ ਦਾ 13 ਫੀਸਦੀ) ਨੂੰ ਜੋੜਨ ਦੀ ਆਪਣੀ ਕੋਸ਼ਿਸ਼ ’ਚ ਸਫਲ ਹੋ ਜਾਂਦੀ ਹੈ ਤਾਂ ਦਿੱਲੀ ਵਿਧਾਨ ਸਭਾ ਹਲਕੇ ’ਚ ਵੋਟਿੰਗ ਲਗਭਗ 18 ਫੀਸਦੀ ਬਦਲ ਜਾਏਗੀ। ਇਹ ਬਹੁਤ ਹੀ ਗੰਭੀਰ ਤੇ ਹੈਰਾਨ ਕਰਨ ਵਾਲੀ ਗੱਲ ਹੈ। ਇਸ ਨੂੰ ਅਸੀਂ ਪੁਰਾਣੇ ਸਮੇਂ ਦੀ ਬੂਥ ਕੈਪਚਰਿੰਗ ਨਾਲੋਂ ਕਿਤੇ ਵੱਧ ਖ਼ਤਰਨਾਕ ਸਮਝ ਸਕਦੇ ਹਾਂ।
ਕੇਜਰੀਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਜਪਾ ਦੇ ਕਈ ਕੇਂਦਰੀ ਮੰਤਰੀ ਤੇ ਕੈਬਨਿਟ ਮੈਂਬਰ ਇਸ ਗੜਬੜ ’ਚ ਸ਼ਾਮਲ ਹਨ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।