ਕੇਜਰੀਵਾਲ ਆਧੁਨਿਕ ਸਮੇਂ ਦੇ ਸੁਤੰਤਰਤਾ ਸੈਨਾਨੀ ਹਨ, ਲੋਕਾਂ ਦੀ ਸੇਵਾ ਦੀ ਕੀਮਤ ਚੁਕਾਈ : ਕੈਲਾਸ਼ ਗਹਿਲੋਤ

Thursday, Aug 15, 2024 - 02:09 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਗ੍ਰਹਿ ਰਾਜ ਮੰਤਰੀ ਕੈਲਾਸ਼ ਗਹਿਲੋਤ ਨੇ ਆਜ਼ਾਦੀ ਦਿਹਾੜੇ ਮੌਕੇ ਛਤਰਸਾਲ ਸਟੇਡੀਅਮ 'ਚ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੌਜੂਦ ਨਹੀਂ ਸਨ ਅਤੇ ਗਹਿਲੋਤ ਨੇ ਕੇਜਰੀਵਾਲ ਨੂੰ 'ਆਧੁਨਿਕ ਸਮੇਂ ਦਾ ਸੁਤੰਤਰਤਾ ਸੈਨਾਨੀ' ਕਿਹਾ। ਗਹਿਲੋਤ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਝੰਡਾ ਨਹੀਂ ਲਹਿਰਾ ਸਕੇ, ਕਿਉਂਕਿ ਉਹ ਜੇਲ੍ਹ 'ਚ ਹਨ। ਉਨ੍ਹਾਂ ਕਿਹਾ,''ਇਸ ਝੰਡੇ ਹੇਠ ਖੜ੍ਹੇ ਹੋ ਕੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਅਰਵਿੰਦ ਕੇਜਰੀਵਾਲ ਆਧੁਨਿਕ ਯੁੱਗ ਦੇ ਆਜ਼ਾਦੀ ਘੁਲਾਟੀਏ ਹਨ ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਲਈ ਕੰਮ ਕਰਨ ਲਈ ਜੇਲ੍ਹ ਜਾਣ ਦੀ ਸਜ਼ਾ ਤਾਂ ਕਬੂਲ ਕੀਤੀ ਪਰ ਉਨ੍ਹਾਂ ਨੇ ਲੋਕਤੰਤਰ ਵਿਰੋਧੀ ਤਾਕਤਾਂ ਅੱਗੇ ਆਤਮ ਸਮਰਪਣ ਨਹੀਂ ਕੀਤਾ। ਗਹਿਲੋਤ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਇਸ ਲਈ ਨਹੀਂ ਮਿਲੀ ਕਿ ਇਕ ਚੁਣੇ ਹੋਏ ਮੁੱਖ ਮੰਤਰੀ ਨੂੰ ਜੇਲ੍ਹ 'ਚ ਡੱਕ ਦਿੱਤਾ ਜਾਵੇ, ਸਗੋਂ ਅਨਪੜ੍ਹਤਾ, ਗਰੀਬੀ, ਬੇਰੁਜ਼ਗਾਰੀ ਅਤੇ ਬੀਮਾਰੀਆਂ ਨੂੰ ਹਰਾਉਣ ਲਈ ਆਜ਼ਾਦੀ ਮਿਲੀ ਸੀ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਮਿਆਰੀ ਸਿੱਖਿਆ, ਸਿਹਤ ਸੰਭਾਲ, ਮੁਫ਼ਤ ਬਿਜਲੀ ਅਤੇ ਵਿਸ਼ਵ ਪੱਧਰੀ ਟਰਾਂਸਪੋਰਟ ਸਹੂਲਤਾਂ ਦੇ ਕੇ ਦੇਸ਼ ਨੂੰ ਇਨ੍ਹਾਂ ਬੁਰਾਈਆਂ ਤੋਂ ਮੁਕਤ ਕਰਨ ਲਈ ਯਤਨ ਸ਼ੁਰੂ ਕੀਤਾ। ਕੇਜਰੀਵਾਲ ਨੂੰ 21 ਮਾਰਚ ਨੂੰ ਆਬਕਾਰੀ ਨੀਤੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਤਿਹਾੜ ਜੇਲ੍ਹ 'ਚ ਬੰਦ ਹਨ। ਗਹਿਲੋਤ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਇੰਨਾ ਮਜ਼ਬੂਤ ​​ਹੈ ਕਿ ਕੋਈ ਵੀ ਤਾਕਤ ਇਸ ਨੂੰ ਕਮਜ਼ੋਰ ਨਹੀਂ ਕਰ ਸਕਦੀ। ਇਸ ਦੀ ਮਿਸਾਲ ਵਜੋਂ ਉਨ੍ਹਾਂ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜੇਲ੍ਹ ਤੋਂ ਰਿਹਾਈ ਦਾ ਜ਼ਿਕਰ ਕੀਤਾ। ਸਿਸੋਦੀਆ ਨੂੰ ਆਬਕਾਰੀ ਨੀਤੀ ਮਾਮਲੇ 'ਚ ਪਿਛਲੇ ਸਾਲ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਹਾਲ ਹੀ 'ਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ। ਗਹਿਲੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਕੇਜਰੀਵਾਲ ਦੀ ਇੱਛਾ ਅਨੁਸਾਰ ਔਰਤਾਂ ਨੂੰ ਮੁਫ਼ਤ ਬਿਜਲੀ, ਸਿੱਖਿਆ, ਸਿਹਤ ਸੰਭਾਲ ਅਤੇ ਬੱਸਾਂ ਦੀ ਸਵਾਰੀ ਪ੍ਰਦਾਨ ਕਰਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News