ਕੇਜਰੀਵਾਲ ਸਰਕਾਰ ਸਿੱਖਿਆ ''ਚ ਕ੍ਰਾਂਤੀ ਲੈ ਕੇ ਆਈ: ਆਤਿਸ਼ੀ
Thursday, Sep 05, 2024 - 03:37 PM (IST)
 
            
            ਨਵੀਂ ਦਿੱਲੀ- ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਅਜਿਹੀ ਸਰਕਾਰ ਹੈ, ਜੋ ਮੰਤਰੀਆਂ ਅਤੇ ਅਧਿਕਾਰੀਆਂ ਦੇ ਬਜਾਏ ਅਧਿਆਪਕਾਂ ਨੂੰ ਚੰਗੀ ਸਿਖਲਾਈ ਦੇਣ ਲਈ ਵਿਦੇਸ਼ ਭੇਜਣ ਨੂੰ ਤਰਜੀਹ ਦਿੰਦੀ ਹੈ। ਆਤਿਸ਼ੀ ਨੇ ਕਿਹਾ ਕਿ ਇਹ ਕੇਜਰੀਵਾਲ ਸਰਕਾਰ ਵਲੋਂ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਹੈ। ਅਧਿਆਪਕ ਦਿਵਸ 'ਤੇ ਦਿੱਲੀ ਸੂਬਾ ਅਧਿਆਪਕ ਪੁਰਸਕਾਰ ਸਮਾਰੋਹ 'ਚ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦਿਆਂ ਆਤਿਸ਼ੀ ਨੇ ਇਹ ਗੱਲ ਆਖੀ।

ਆਤਿਸ਼ੀ ਨੇ ਦੱਸਿਆ ਕਿ 400 ਤੋਂ ਵਧੇਰੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਕੈਂਬਰਿਜ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ 'ਚ ਸਿਖਲਾਈ ਪ੍ਰਾਪਤ ਕੀਤੀ ਹੈ, ਜਦੋਂ ਕਿ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ 'ਚ 950 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ IIM ਅਹਿਮਦਾਬਾਦ ਵਿਚ 1,700 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ।

ਆਪਣੇ ਪਿਛੋਕੜ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਦੋਵੇਂ ਦਿੱਲੀ ਯੂਨੀਵਰਸਿਟੀ 'ਚ ਅਧਿਆਪਕ ਸਨ। ਮੇਰਾ ਇਸ ਪੇਸ਼ੇ ਨਾਲ ਨਿੱਜੀ ਸਬੰਧ ਹੈ ਅਤੇ ਮੈਂ ਮਿਆਰੀ ਸਿੱਖਿਆ ਦੇ ਮਹੱਤਵ ਨੂੰ ਸਮਝਦੀ ਹਾਂ। ਉਨ੍ਹਾਂ ਨੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਅਧਿਆਪਕਾਂ ਨੂੰ ਗੁਰੂ ਦੇ ਅਹੁਦੇ ਤੱਕ ਉੱਚਾ ਕੀਤਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਾਰ ਦੇਣ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            