ਕਾਲਕਾਜੀ ਮੰਦਰ ''ਚ ਮੰਚ ਢਹਿਣ ਦੀ ਘਟਨਾ ''ਤੇ ਕੇਜਰੀਵਾਲ ਨੇ ਜਤਾਇਆ ਸੋਗ
Sunday, Jan 28, 2024 - 01:26 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਲਕਾਜੀ ਮੰਦਰ 'ਚ ਮੰਚ ਢਹਿਣ ਨਾਲ ਇਕ ਔਰਤ ਦੀ ਮੌਤ ਹੋਣ 'ਤੇ ਐਤਵਾਰ ਨੂੰ ਸੋਗ ਜ਼ਾਹਰ ਕੀਤਾ ਅਤੇ ਲੋਕਾਂ ਨਾਲ ਵੱਡੇ ਪ੍ਰੋਗਰਾਮਾਂ ਦੇ ਆਯੋਜਨ ਦੌਰਾਨ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਪੁਲਸ ਅਨੁਸਾਰ ਕਾਲਕਾਜੀ ਮੰਦਰ 'ਚ ਜਾਗਰਣ ਲਈ ਬਣਾਏ ਗਏ ਮੰਚ ਦੇ ਢਹਿਣ ਨਾਲ 45 ਸਾਲਾ ਇਕ ਔਰਤ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖ਼ਮੀ ਹੋ ਗਏ। ਉਸ ਨੇ ਦੱਸਿਆ ਕਿ ਇਹ ਦੁਖ਼ਦ ਘਟਨਾ ਦੇਰ ਰਾਤ ਕਰੀਬ 12.30 ਵਜੇ ਹੋਈ। ਮ੍ਰਿਤਕਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਕਾਲਕਾਜੀ ਮੰਦਰ 'ਚ ਕੱਲ੍ਹ ਰਾਤ ਜਾਗਰਣ ਦੌਰਾਨ ਹੋਇਆ ਹਾਦਸਾ ਦੁਖ਼ਦ ਹੈ। ਇਕ ਔਰਤ ਦੀ ਮੌਤ ਹੋ ਗਈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ 17 ਜ਼ਖ਼ਮੀ ਲੋਕਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।'' ਉਨ੍ਹਾਂ ਕਿਹਾ,''ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਵੱਡੇ ਆਯੋਜਨ 'ਚ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਅਜਿਹੀ ਵਿਵਸਥਾ ਕਰੋ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ।'' ਪੁਲਸ ਨੇ ਕਿਹਾ ਕਿ ਸ਼ਨੀਵਾਰ ਰਾਤ ਕਾਲਕਾਜੀ ਮੰਦਰ ਦੇ ਮਹੰਤ ਕੰਪਲੈਕਸ 'ਚ ਜਾਗਰਣ ਦਾ ਆਯੋਜਨ ਹੋਇਆ ਸੀ ਅਤੇ ਇਸ 'ਚ ਲਗਭਗ 1,600 ਲੋਕ ਸ਼ਾਮਲ ਹੋਏ ਸਨ। ਪੁਲਸ ਡਿਪਟੀ ਕਮਿਸ਼ਨਰ ਰਾਜੇਸ਼ ਦੇਵ ਨੇ ਕਿਹਾ,''ਪ੍ਰੋਗਰਾਮ ਲਈ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪਰ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਪੂਰੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਜਾਗਰਣ ਲਈ ਸ਼ਨੀਵਾਰ ਦੇਰ ਰਾਤ ਸਾਢੇ 12 ਵਜੇ ਲਗਭਗ 1,500 ਤੋਂ 1,600 ਲੋਕ ਇਕੱਠੇ ਹੋਏ ਸਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8