ਕੇਜਰੀਵਾਲ ਨੇ ਹਰਿਆਣਾ ''ਚ ਕੀਤਾ ਰੋਡ ਸ਼ੋਅ, ਦੱਸਿਆ ਭਾਜਪਾ ਨੇ ਕਿਉਂ ਭੇਜਿਆ ਜੇਲ੍ਹ

Tuesday, Sep 24, 2024 - 04:32 PM (IST)

ਕੇਜਰੀਵਾਲ ਨੇ ਹਰਿਆਣਾ ''ਚ ਕੀਤਾ ਰੋਡ ਸ਼ੋਅ, ਦੱਸਿਆ ਭਾਜਪਾ ਨੇ ਕਿਉਂ ਭੇਜਿਆ ਜੇਲ੍ਹ

ਸਿਰਸਾ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਕੇਜਰੀਵਾਲ ਨੇ ਕਿਹਾ ਕਿ ਉਸ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਸੱਤਾਧਾਰੀ ਪਾਰਟੀ ਉਸ ਨੂੰ 'ਚੋਰ' ਦੇ ਰੂਪ 'ਚ ਪੇਸ਼ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਸਭ ਤੋਂ ਕੱਟੜ ਦੁਸ਼ਮਣ ਵੀ ਮੰਨਦੇ ਹਨ ਕਿ ਉਹ ਭ੍ਰਿਸ਼ਟ ਨਹੀਂ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਿੰਦਰ ਸਿੰਘ ਦੇ ਪੱਖ 'ਚ ਹਰਿਆਣਾ ਦੇ ਸਿਰਸਾ 'ਚ ਰਾਨੀਆ ਵਿਧਾਨ ਸਭਾ ਖੇਤਰ 'ਚ ਰੋਡ ਸ਼ੋਅ ਕੀਤਾ। ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਪਿਛਲੇ ਹਫ਼ਤੇ ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 'ਆਪ' ਨੇਤਾ ਆਤਿਸ਼ੀ ਨੇ ਬਾਅਦ 'ਚ ਰਾਸ਼ਟਰੀ ਰਾਜਧਾਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਰੋਡ ਸ਼ੋਅ ਦੌਰਾਨ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਸਾਢੇ 5 ਮਹੀਨੇ ਜੇਲ੍ਹ 'ਚ ਬਿਤਾਉਣੇ ਪਏ। ਕੇਜਰੀਵਾਲ ਨੇ ਕਿਹਾ,''ਮੇਰੀ ਕੀ ਗਲਤੀ ਸੀ? ਮੇਰੀ ਗਲਤੀ ਇਹ ਹੈ ਕਿ ਮੈਂ 10 ਸਾਲ ਤੱਕ ਦਿੱਲੀ ਦਾ ਮੁੱਖ ਮੰਤਰੀ ਰਿਹਾ, ਮੈਂ ਗਰੀਬਾਂ ਦੇ ਬੱਚਿਆਂ ਲਈ ਚੰਗੇ ਸਰਕਾਰੀ ਸਕੂਲ ਬਣਾਏ। ਪਹਿਲੇ ਦਿੱਲੀ 'ਚ 7-8 ਘੰਟੇ ਬਿਜਲੀ ਕੱਟਦੀ ਸੀ ਪਰ ਹੁਣ 24 ਘੰਟੇ ਬਿਜਲੀ ਆਉਂਦੀ ਹੈ। ਮੇਰੀ ਗਲਤੀ ਇਹ ਹੈ ਕਿ ਮੈਂ ਦਿੱਲੀ ਅਤੇ ਪੰਜਾਬ 'ਚ ਬਿਜਲੀ ਮੁਫ਼ਤ ਕਰ ਦਿੱਤੀ। ਉਨ੍ਹਾਂ ਕਿਹਾ,''ਮੇਰੀ ਗਲਤੀ ਇਹ ਹੈ ਕਿ ਮੈਂ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਸ਼ੁਰੂ ਕੀਤੀ। ਦਿੱਲੀ ਅਤੇ ਪੰਜਾਬ 'ਚ ਬਹੁਤ ਸਾਰੇ ਕੰਮ ਹੋਏ। ਕੋਈ ਵੀ ਭ੍ਰਿਸ਼ਟ ਵਿਅਕਤੀ ਇਹ ਕੰਮ ਨਹੀਂ ਕਰ ਸਕਦਾ।''

ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ 'ਚ ਬਿਜਲੀ ਮੁਫ਼ਤ ਕਰ ਦਿੱਤੀ, ਜਿਸ 'ਚ ਬਹੁਤ ਵੱਡੀ ਰਕਮ ਖਰਚ ਹੋਈ- '3000 ਕਰੋੜ ਰੁਪਏ'। ਉਨ੍ਹਾਂ ਕਿਹਾ,''ਜੇਕਰ ਮੈਂ ਚੋਰ ਹੁੰਦਾ ਤਾਂ ਮੈਂ 3 ਹਜ਼ਾਰ ਕਰੋੜ ਰੁਪਏ ਆਪਣੇ ਜੇਬ 'ਚ ਰੱਖ ਸਕਦਾ ਸੀ।'' ਉਨ੍ਹਾਂ ਕਿਹਾ,''ਮੈਂ ਗਰੀਬਾਂ ਦੇ ਬੱਚਿਆਂ ਲਈ ਚੰਗੇ ਸਕੂਲ ਬਣਵਾਏ। ਇਸ 'ਚ ਖਰਚਾ ਹੋਇਆ। ਜੇਕਰ ਮੈਂ ਭ੍ਰਿਸ਼ਟ ਹੁੰਦਾ ਤਾਂ ਮੈਂ ਇਸ ਨੂੰ ਆਪਣੇ ਜੇਬ 'ਚ ਰੱਖਦਾ।'' ਭਾਜਪਾ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਵੀ ਰਾਜ 'ਚ ਭਾਜਪਾ ਸੱਤਾ 'ਚ ਹੈ, ਉੱਥੇ ਬਿਜਲੀ ਕਾਫ਼ੀ ਮਹਿੰਗੀ ਹੈ। ਉਨ੍ਹਾਂ ਕਿਹਾ,''ਹਰਿਆਣਾ 'ਚ ਬਿਜਲੀ ਮੁਫ਼ਤ ਨਹੀਂ ਹੈ, ਬਹੁਤ ਮਹਿੰਗੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਚੋਰ ਕੌਣ ਹੈ- ਉਹ ਜੋ ਬਿਜਲੀ ਮੁਫ਼ਤ ਕਰਦਾ ਹੈ ਜਾਂ ਉਹ ਜੋ ਬਿਜਲੀ ਮਹਿੰਗੀ ਕਰਦਾ ਹੈ।'' ਉਨ੍ਹਾਂ ਕਿਹਾ,''ਮੈਂ ਇੱਥੇ ਵੋਟ ਮੰਗਣ ਆਇਆ ਹਾਂ। ਸੱਤਾ ਪਾਉਣ ਲਈ ਨਹੀਂ। ਮੈਂ ਸੱਤਾ ਛੱਡ ਕੇ ਆਇਆ ਹਾਂ। ਮੈਂ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਅੱਜ ਦੇ ਦੌਰ 'ਚ ਕੋਈ ਚਪੜਾਸੀ ਦਾ ਅਹੁਦਾ ਵੀ ਨਹੀਂ ਛੱਡਦਾ। ਕਿਸੇ ਨੇ ਮੇਰਾ ਅਸਤੀਫ਼ਾ ਨਹੀਂ ਮੰਗਿਆ।''

ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News