ਪੰਜਾਬ 'ਚ 'ਆਪ' ਦੀ ਹੂੰਝਾਫੇਰ ਜਿੱਤ 'ਤੇ ਕੇਜਰੀਵਾਲ ਦਾ ਵੱਡਾ ਬਿਆਨ

Thursday, Mar 10, 2022 - 03:27 PM (IST)

ਪੰਜਾਬ 'ਚ 'ਆਪ' ਦੀ ਹੂੰਝਾਫੇਰ ਜਿੱਤ 'ਤੇ ਕੇਜਰੀਵਾਲ ਦਾ ਵੱਡਾ ਬਿਆਨ

ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ 'ਤੇ ਸੂਬੇ ਦੀ ਜਨਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇੰਨੇ ਵੱਡੇ ਜਨਾਦੇਸ਼ ਤੋਂ ਡਰ ਵੀ ਲੱਗਦਾ ਹੈ ਪਰ ਉਸ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਾਂਗੇ। ਪੰਜਾਬ 'ਚ ਪਾਰਟੀ ਦੀ ਵੱਡੀ ਜਿੱਤ 'ਤੇ ਦਿੱਲੀ ਤੋਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਮੌਜੂਦਗੀ 'ਚ ਕੇਜਰੀਵਾਲ ਨੇ ਕਿਹਾ ਕਿ ਸੂਬੇ ਦੀ ਰਾਜਨੀਤੀ 'ਚ ਇਹ ਨਤੀਜੇ ਇਕ ਵੱਡਾ ਇੰਕਲਾਬ ਹਨ। ਵੱਡੀਆਂ-ਵੱਡੀਆਂ ਕੁਰਸੀਆਂ ਹਿਲ ਗਈਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ ਵਰਗੇ ਦਿੱਗਜ ਨੇਤਾਵਾਂ ਨੂੰ ਸੂਬੇ ਦੀ ਜਨਤਾ ਨੇ ਕਰਾਰੀ ਹਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਸੂਬੇ ਦੀ ਜਨਤਾ ਨੇ ਕਮਾਲ ਕਰ ਦਿੱਤਾ ਹੈ। ਇਹ ਵੱਡਾ ਇੰਕਲਾਬ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ,''ਅਸੀਂ ਹੰਕਾਰ ਨਹੀਂ ਕਰਨਾ ਹੈ। ਪਿਆਰ ਅਤੇ ਸੇਵਾ ਦੀ ਰਾਜਨੀਤੀ ਕਰਨੀ ਹੈ।''

 

ਕੇਜਰੀਵਾਲ ਨੇ ਕਿਹਾ,''ਭਗਤ ਸਿੰਘ ਨੇ ਇਕ ਵਾਰ ਕਿਹਾ ਸੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਜੇਕਰ ਸਿਸਟਮ ਨਹੀਂ ਬਦਲਿਆ ਅਤੇ ਸਿਰਫ਼ ਇਹ ਸੋਚ ਕੇ ਰਹਿ ਗਏ ਕਿ ਅਸੀਂ ਅੰਗਰੇਜ਼ਾਂ ਨੂੰ ਦੇਸ਼ ਤੋਂ ਦੌੜਾ ਦਿੱਤਾ ਤਾਂ ਕੁਝ ਨਹੀਂ ਹੋਣ ਵਾਲਾ।'' ਉਨ੍ਹਾਂ ਨੇ ਵੱਡੀਆਂ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ 'ਚ ਅੰਗਰੇਜ਼ਾਂ ਦੇ ਜ਼ਮਾਨੇ ਦਾ ਸਿਸਟਮ ਹੀ ਬਣਾਏ ਰੱਖਿਆ ਅਤੇ ਬਹੁਤ ਲੁੱਟਿਆ। 'ਆਪ' ਨੇ ਇਹ ਸਿਸਟਮ ਬਦਲਿਆ ਹੈ ਅਤੇ ਈਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ। ਦਿੱਲੀ 'ਚ ਚੰਗੇ ਸਕੂਲ ਬਣਨ ਲੱਗੇ ਹਨ ਤਾਂ ਕਿ ਅਮੀਰ-ਗਰੀਬ ਨੂੰ ਇਕ ਸਮਾਨ ਸਿੱਖਿਆ ਯਕੀਨੀ ਕੀਤੀ ਜਾ ਸਕੇ। ਪੰਜਾਬ 'ਚ ਮੈਡੀਕਲ ਸਕੂਲ ਅਤੇ ਡਿਗਰੀ ਕਾਲਜ ਬਣਨਗੇ ਤਾਂ ਕਿ ਨੌਜਵਾਨਾਂ ਨੂੰ ਚੰਗੀ ਸਿੱਖਿਆ ਲਈ ਯੂਕ੍ਰੇਨ ਨਾ ਜਾਣਾ ਪਵੇ। ਅਜਿਹਾ ਢਾਂਚਾ ਬਣਾਵਾਂਗੇ ਕਿ ਬਾਹਰੋਂ ਬੱਚੇ ਇੱਥੇ ਪੜ੍ਹਨ ਆਉਣ। ਉਨ੍ਹਾਂ ਨੇ ਪਰ ਨਾਲ ਹੀ ਇਹ ਵੀ ਕਿਹਾ ਕਿ ਇਹ ਸਾਰੀਆਂ ਤਾਕਤਾਂ ਮਿਲ ਕੇ ਅੱਜ ਦੇਸ਼ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੁੰਦੀਆਂ ਹਨ। ਪੰਜਾਬ 'ਚ ਕਿੰਨੇ ਵੀਆਂ ਯੋਜਨਾਵਾਂ ਰਚੀਆਂ ਗਈਆਂ। ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ 'ਆਪ' ਨੂੰ ਹਰਾਉਣ ਲਈ। ਅੰਤ 'ਚ ਇਹ ਸਾਰੇ ਬੋਲਣ ਲੱਗੇ ਕਿ ਕੇਜਰੀਵਾਲ ਅੱਤਵਾਦੀ ਹੈ। ਅੱਜ ਇਨ੍ਹਾਂ ਚੋਣ ਨਤੀਜਿਆਂ ਨਾਲ ਦੇਸ਼ ਦੀ ਜਨਤਾ ਨੇ ਦੱਸ ਦਿੱਤਾ ਹੈ ਕਿ ਕੇਜਰੀਵਾਲ ਅੱਤਵਾਦੀ ਨਹੀਂ ਸਗੋਂ ਦੇਸ਼ ਦਾ ਸੱਚਾ ਦੇਸ਼ ਭਗਤ ਹੈ। ਚੋਣ ਨਤੀਜਿਆਂ ਦੇ ਮਾਧਿਅਮ ਨਾਲ ਦੇਸ਼ ਨੂੰ ਲੁੱਟਣ ਵਾਲੇ ਇਨ੍ਹਾਂ ਦਲਾਂ ਨੂੰ ਜਨਤਾ ਨੇ ਉਨ੍ਹਾਂ ਦੀ ਜਗ੍ਹਾ ਦਿਖਾ ਦਿੱਤੀ ਹੈ। ਕੇਜਰੀਵਾਲ ਨੇ ਕਿਹਾ,''ਅਸੀਂ ਸਾਰੇ ਮਿਲ ਕੇ ਇਕ ਨਵਾਂ ਭਾਰਤ ਬਣਾਵਾਂਗੇ, ਜਿੱਥੇ ਇਨਸਾਨ ਦੂਜੇ ਇਨਸਾਨ ਨਾਲ ਪਿਆਰ ਕਰੇਗਾ ਅਤੇ ਨਫ਼ਰਤ ਨਹੀਂ ਹੋਵੇਗੀ। ਹੁਣ ਸਮਾਂ ਆ ਗਿਆ ਹੈ ਕਿ ਪਹਿਲੇ ਦਿੱਲੀ 'ਚ ਅਤੇ ਹੁਣ ਪੰਜਾਬ 'ਚ ਅਤੇ ਇਸ ਤੋਂ ਬਾਅਦ ਪੂਰੇ ਦੇਸ਼ 'ਚ ਇੰਕਲਾਬ ਹੋਵੇਗਾ। ਅਜਿਹੀ ਤਬਦੀਲੀ ਲਿਆਉਣ ਲਈ ਸਾਰੇ ਲੋਕ ਹੁਣ 'ਆਪ' 'ਚ ਸ਼ਾਮਲ ਹੋ ਕੇ ਉੱਠ ਖੜ੍ਹੇ ਹੋਣ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਵਧਾਈ ਦਿੰਦੇ ਹਨ।


author

DIsha

Content Editor

Related News