ਕੇਜਰੀਵਾਲ ਅਤੇ ਅਨਿਲ ਬੈਜਲ ਨੇ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਦੀ ਕਾਰਜ ਯੋਜਨਾ ''ਤੇ ਕੀਤੀ ਚਰਚਾ
Friday, Jun 18, 2021 - 05:19 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਸੰਕਰਮਣ ਦੀ ਤੀਜੀ ਲਹਿਰ ਆਉਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਇਸ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ ਕਾਰਜ ਯੋਜਨਾ 'ਤੇ ਚਰਚਾ ਕੀਤੀ। ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ ਤੀਜੀ ਲਹਿਰ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਦੀ ਕਾਰਵਾਈ ਯੋਜਨਾ 'ਚ ਬੱਚਿਆਂ ਦੇ ਇਲਾਜ ਲਈ ਰਾਜ ਪੱਧਰੀ ਕਾਰਜ ਫ਼ੋਰਸ ਜ਼ਿਆਦਾ ਗਿਣਤੀ 'ਚ ਸਿਹਤ ਦੇਖਭਾਲ ਕਰਮਚਾਰੀ ਅਤੇ ਇਕ ਵਿਸ਼ੇਸ਼ ਕਾਰਜ ਫ਼ੋਰਸ ਸ਼ਾਮਲ ਹੈ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਬੈਠਕ 'ਚ ਉੱਪ ਰਾਜਪਾਲ ਅਤੇ ਮੁੱਖ ਮੰਤਰੀ ਨੇ ਬਿਸਤਰ ਅਤੇ ਆਕਸੀਜਨ ਦੇ ਪ੍ਰਬੰਧਨ, ਦਵਾਈਆਂ ਅਤੇ ਟੀਕਿਆਂ ਦੀ ਉਪਲੱਬਧਤਾ 'ਤੇ ਚਰਚਾ ਕੀਤੀ। ਦਿੱਲੀ ਸਰਕਾਰ ਤੀਜੀ ਸੰਭਾਵਿਤ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਅਧੀਨ 5 ਹਜ਼ਾਰ ਨੌਜਵਾਨਾਂ ਨੂੰ ਮੈਡੀਕਲ ਅਤੇ ਨਰਸਾਂ ਦੀ ਮਦਦ ਲਈ ਸਿਖਲਾਈ ਦੇਵੇਗੀ। ਸਿਹਤ ਸਹਾਇਕਾਂ ਅਤੇ ਭਾਈਚਾਰਕ ਨਰਸਿੰਗ ਸਹਾਇਕਾਂ ਨੂੰ ਨਰਸਿੰਗ ਅਤੇ ਸਿਹਤ ਦੇਖਭਾਲ ਦੀ 2 ਹਫ਼ਤਿਆਂ ਦੀ ਸਿਖਾਈ ਸ਼ੁਰੂ ਕੀਤੀ ਜਾਵੇਗੀ। ਇਹ ਪ੍ਰੋਗਰਾਮ 28 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਹਰੇਕ ਬੈਚ 'ਚ 500 ਲੋਕ ਹੋਣਗੇ।
ਦੱਸਣਯੋਗ ਹੈ ਕਿ ਮਈ ਦੇ ਮਹੀਨੇ ਕੇਜਰੀਵਾਲ ਨੇ 13 ਮੈਂਬਰੀ ਇਕ ਕਮੇਟੀ ਗਠਿਤ ਕੀਤੀ ਸੀ, ਜਿਸ ਨੂੰ ਮੌਜੂਦਾ ਹਾਲਾਤ, ਸ਼ਹਿਰ 'ਚ ਹਸਪਤਾਲ, ਆਕਸੀਜਨ ਪਲਾਂਟ ਅਤੇ ਦਵਾਈਆਂ ਦੀ ਸਪਲਾਈ ਆਦਿ ਦੀ ਜ਼ਰੂਰਤ ਦੇ ਆਕਲਨ ਤੋਂ ਬਾਅਦ ਸੰਕਰਮਣ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਕਾਰਵਾਈ ਯੋਜਨਾ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਇਲਾਵਾ 8 ਮੈਂਬਰੀ ਇਕ ਹੋਰ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਨੂੰ ਸੰਕਰਮਣ ਦੀ ਤੀਜੀ ਲਹਿਰ ਨੂੰ ਘਟਾਉਣ ਅਤੇ ਪ੍ਰਬੰਧਨ ਦੀ ਰਣਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਇਕ ਦਿਨ 'ਚ ਕਰੀਬ 37 ਹਜ਼ਾਰ ਮਾਮਲਿਆਂ ਨਾਲ ਨਜਿਠੱਣ ਦੀ ਤਿਆਰ ਕੀਤੀ ਹੈ। ਤੀਜੀ ਲਹਿਰ ਦੇ ਸਿਖ਼ਰ 'ਤੇ ਇੰਨੇ ਮਾਮਲੇ ਸਾਹਮਣੇ ਆਉਣ ਦਾ ਅਨੁਮਾਨ ਹੈ। ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਬਚਾਉਣ ਲਈ ਸੁਝਾਅ ਦੇਣ ਲਈ ਬਾਲ ਰੋਗ ਕਾਰਜ ਫ਼ੋਰਸ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਜ਼ਰੂਰੀ ਦਵਾਈਆਂ ਦਾ ਭੰਡਾਰ ਕਰਨ ਦੀ ਦਿਸ਼ਾ 'ਚ ਵੀ ਕੰਮ ਕਰ ਰਹੀ ਹੈ।