ਨੌਜਵਾਨਾਂ ਨੂੰ ਬੇਰੁਜ਼ਗਾਰ ਰੱਖਣਾ ਮੋਦੀ ਸਰਕਾਰ ਦਾ ਇੱਕੋ-ਇਕ ਮਿਸ਼ਨ : ਖੜਗੇ
Wednesday, Jul 10, 2024 - 01:04 AM (IST)

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਰਥਿਕ ਵਿਕਾਸ ਦਰ ਤੇ ਰੁਜ਼ਗਾਰ ਪੈਦਾ ਕਰਨ ਨਾਲ ਸਬੰਧਤ ਕੁਝ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਬੇਰੁਜ਼ਗਾਰ ਰੱਖਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਇੱਕੋ-ਇਕ ਮੰਤਵ ਹੈ।
ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਮੋਦੀ ਸਰਕਾਰ ਬੇਰੋਜ਼ਗਾਰੀ ਤੇ ਸਿਟੀ ਗਰੁੱਪ ਵਰਗੀਆਂ ਨਿਰਪੱਖ ਆਰਥਿਕ ਰਿਪੋਰਟਾਂ ਤੋਂ ਤਾਂ ਇਨਕਾਰ ਕਰ ਰਹੀ ਹੈ, ਪਰ ਇਹ ਸਰਕਾਰੀ ਅੰਕੜਿਆਂ ਤੋਂ ਕਿਵੇਂ ਇਨਕਾਰ ਕਰੇਗੀ? ਸੱਚ ਤਾਂ ਇਹ ਹੈ ਕਿ ਪਿਛਲੇ 10 ਸਾਲਾਂ ’ਚ ਕਰੋੜਾਂ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਕਰਨ ਲਈ ਇਕੱਲੀ ਮੋਦੀ ਸਰਕਾਰ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਤਾਜ਼ਾ ਅੰਕੜਿਆਂ ਅਨੁਸਾਰ ਐੱਨ. ਐੱਸ ਐੱਸ. ਓ (ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ) ਦੇ ਇਕ ਸਰਵੇਖਣ ਅਨੁਸਾਰ 7 ਸਾਲਾਂ ’ਚ ਨਿਰਮਾਣ ਖੇਤਰ ’ਚ ਗੈਰ-ਸੰਗਠਿਤ ਇਕਾਈਆਂ ਵਿੱਚ 54 ਲੱਖ ਨੌਕਰੀਆਂ ਚਲੀਆਂ ਗਈਆਂ।
ਸਾਲ 2010-11 ’ਚ ਭਾਰਤ ’ਚ ਗੈਰ-ਸੰਗਠਿਤ ਗੈਰ-ਖੇਤੀਬਾੜੀ ਅਦਾਰਿਆਂ ’ਚ 10.8 ਕਰੋੜ ਕਾਮੇ ਕੰਮ ਕਰਦੇ ਸਨ, ਜੋ ਹੁਣ 2022-23 ’ਚ 10.96 ਕਰੋੜ ਹੀ ਹੋਏ ਹਨ। ਭਾਵ 12 ਸਾਲਾਂ ’ਚ ਸਿਰਫ਼ 16 ਲੱਖ ਦਾ ਮਾਮੂਲੀ ਵਾਧਾ ਹੋਇਆ ਹੈ।