ਕੇਦਾਰਨਾਥ ਯਾਤਰਾ : ਤੀਰਥ ਯਾਤਰੀਆਂ ਦੇ ਰਜਿਸਟਰੇਸ਼ਨ ''ਤੇ 8 ਮਈ ਤੱਕ ਲੱਗੀ ਰੋਕ
Friday, May 05, 2023 - 12:56 PM (IST)
ਰੁਦਰਪ੍ਰਯਾਗ (ਏਜੰਸੀ)- ਕੇਦਾਰਘਾਟੀ 'ਚ ਅਗਲੇ 3-4 ਦਿਨਾਂ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਕੇਦਾਰਨਾਥ ਯਾਤਰਾ ਲਈ ਤੀਰਥਯਾਤਰੀਆਂ ਦਾ ਰਜਿਸਟਰੇਸ਼ਨ ਸ਼ੁੱਕਰਵਾਰ ਨੂੰ 8 ਮਈ ਤੱਕ ਰੋਕ ਦਿੱਤਾ ਗਿਆ ਹੈ। ਕੇਦਾਰਨਾਥ ਧਾਮ ਦੀ ਯਾਤਰਾ ਲਈ ਰਜਿਸਟਰੇਸ਼ਨ 8 ਮਈ ਤੱਕ ਰੁਕੀ ਰਹੇਗੀ। ਖ਼ਰਾਬ ਮੌਸਮ ਕਾਰਨ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਸੈਰ-ਸਪਾਟਾ ਵਿਭਾਗ ਦੇ ਰਿਕਾਰਡ ਅਨੁਸਾਰ 10 ਮਈ ਨੂੰ ਯਾਤਰਾ ਲਈ 1.26 ਲੱਖ ਤੀਰਥ ਯਾਤਰੀ ਪਹਿਲਾਂ ਹੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਚਾਰ ਮਈ ਤੱਕ 1.23 ਲੱਖ ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਨ ਕਰ ਚੁੱਕੇ ਸਨ।
ਇਕ ਅਧਿਕਾਰਤ ਬਿਆਨ ਅਨੁਸਾਰ, ਕੇਦਾਰਨਾਥ ਧਾਮ ਯਾਤਰਾ ਮਾਰਗ ਜੋ ਵੀਰਵਾਰ ਦੁਪਹਿਰ ਭੈਰੋਂ 'ਚ ਇਕ ਗਲੇਸ਼ੀਅਰ ਦਾ ਟੁਕੜਾ ਟੁੱਕਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ, ਉਸ ਨੂੰ ਪੈਦਲ ਯਾਤਰਾ ਕਰਨ ਵਾਲੇ ਤੀਰਥ ਯਾਤਰੀਆਂ ਲਈ ਸੌਖਾ ਬਣਾ ਦਿੱਤਾ ਗਿਆ ਹੈ। ਘੋੜਿਆਂ ਅਤੇ ਖੱਚਰਾਂ ਲਈ ਯਾਤਰਾ ਮਾਰਗ ਨਹੀਂ ਬਣਾਇਆ ਗਿਆ ਹੈ। ਮਜ਼ਦੂਰਾਂ ਵਲੋਂ ਬਰਫ਼ ਹਟਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਖੇਤਰ 'ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਭੈਰਵ ਅਤੇ ਕੁਬੇਰ ਗਡੇਰੇ ਦਰਮਿਆਨ ਦਾ ਮਾਰਗ ਬੰਦ ਕਰ ਦਿੱਤਾ ਗਿਆ ਸੀ। ਕੇਦਾਰਨਾਥ ਮੰਦਰ ਦੇਸ਼ ਦੇ ਸਭ ਤੋਂ ਪ੍ਰਸਿੱਧ ਮੰਦਰਾਂ 'ਚੋਂ ਇਕ ਹੈ, ਜੋ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਅਤੇ ਦੇਸ਼ ਭਰ ਤੋਂ ਲੋਕ ਮੰਦਰ ਦੇ ਖੁੱਲ੍ਹੇ ਰਹਿਣ ਦੇ 6 ਮਹੀਨਿਆਂ ਦੌਰਾਨ ਦਰਸ਼ਨਾਂ ਲਈ ਆਉਂਦੇ ਹਨ। ਉੱਤਰਾਖੰਡ 'ਚ ਚਾਰ ਧਾਮ ਯਾਤਰਾ ਭਾਰਤ 'ਚ ਸਭ ਤੋਂ ਲੋਕਪ੍ਰਿਯ ਹਿੰਦੂ ਤੀਰਥ ਸਥਾਨਾਂ 'ਚੋਂ ਇਕ ਹੈ। ਇਹ ਤੀਰਥ ਯਾਤਰਾ ਚਾਰ ਪਵਿੱਤਰ ਸਥਾਨਾਂ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੀ ਯਾਤਰਾ ਹੈ। ਜੋ ਹਿਮਾਲਿਆਂ 'ਚ ਉੱਚ ਸਥਾਨ 'ਤੇ ਸਥਿਤ ਹਨ।