ਮੀਂਹ ਕਾਰਨ ਕੇਦਾਰਨਾਥ-ਬਦਰੀਨਾਥ ਰਸਤਾ ਬੰਦ, ਰਸਤੇ ’ਚ ਫਸੇ ਯਾਤਰੀ
Thursday, May 19, 2022 - 11:07 AM (IST)
ਦੇਹਰਾਦੂਨ/ਤਿਰੁਵਨੰਤਪੁਰਮ– ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਕੇਦਾਰਨਾਥ-ਬਦਰੀਨਾਥ ਪੈਦਲ ਯਾਤਰਾ ਰਸਤਾ ਪ੍ਰਭਾਵਿਤ ਹੋ ਗਿਆ ਹੈ। ਸ਼ਰਧਾਲੂ ਰਸਤੇ ’ਚ ਫਸੇ ਹੋਏ ਹਨ ਅਤੇ ਇਸ ਕਾਰਨ ਜਗ੍ਹਾ-ਜਗ੍ਹਾ ਲੰਬਾ ਜਾਮ ਲੱਗ ਗਿਆ ਹੈ। ਸੋਮਵਾਰ ਤੋਂ ਉੱਤਰਾਖੰਡ ’ਚ ਮੌਸਮ ਦਾ ਮਿਜਾਜ਼ ਵਿਗੜਿਆ ਹੋਇਆ ਹੈ। ਤੇਜ ਮੀਂਹ ਅਤੇ ਹਨ੍ਹੇਰੀ ਨਾਲ ਜਗ੍ਹਾ-ਜਗ੍ਹਾ ਕਾਫ਼ੀ ਨੁਕਸਾਨ ਹੋਇਆ। ਓਧਰ ਹੜ੍ਹ ਨਾਲ ਆਸਾਮ ’ਚ ਹਾਲਾਤ ਬੇਕਾਬੂ ਹੋ ਗਏ ਹਨ। ਹੜ੍ਹ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ।
ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕਈ ਜਗ੍ਹਾ ਵਾਹਨ ਪਲਟ ਗਏ। ਇਸ ਵਿਚਾਲੇ ਕਰਨਾਟਕ ਦੇ ਬੇਂਗਲੁਰੂ ’ਚ ਭਾਰੀ ਮੀਂਹ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਘਰਾਂ ’ਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸ਼ਹਿਰ ’ਚ ਹੋਰ ਮੀਂਹ ਪੈਣ ਦਾ ਬੁੱਧਵਾਰ ਨੂੰ ਅੰਦਾਜ਼ਾ ਪ੍ਰਗਟਾਇਆ। ਓਧਰ ਕੇਰਲ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਜਾਰੀ ਰਹਿਣ ਕਾਰਨ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਬੁੱਧਵਾਰ ਲਈ ਸੂਬੇ ਦੇ 4 ਜ਼ਿਲਿਆਂ ਲਈ ਰੈੱਡ ਅਲਰਟ ਜਾਰੀ ਕੀਤਾ।