ਰਾਹੁਲ ਭਟ ਦੇ ਕਤਲ ਨੂੰ ਲੈ ਕੇ ਸ਼੍ਰੀਨਗਰ ''ਚ ਕਸ਼ਮੀਰੀ ਪੰਡਿਤਾਂ ਦਾ ਵਿਰੋਧ ਮਾਰਚ ਕੱਢਿਆ

Saturday, May 21, 2022 - 03:21 PM (IST)

ਰਾਹੁਲ ਭਟ ਦੇ ਕਤਲ ਨੂੰ ਲੈ ਕੇ ਸ਼੍ਰੀਨਗਰ ''ਚ ਕਸ਼ਮੀਰੀ ਪੰਡਿਤਾਂ ਦਾ ਵਿਰੋਧ ਮਾਰਚ ਕੱਢਿਆ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਸ਼੍ਰੀਨਗਰ 'ਚ ਸ਼ਨੀਵਾਰ ਨੂੰ ਲਾਲ ਚੌਕ ਸਿਟੀ ਸੈਂਟਰ 'ਤੇ ਸੈਂਕੜੇ ਕਸ਼ਮੀਰੀ ਪੰਡਿਤਾਂ ਨੇ ਰਾਹੁਲ ਭਟ ਦੇ ਕਤਲ ਨੂੰ ਲੈ ਕੇ ਵਿਰੋਧ ਮਾਰਚ ਕੱਢਿਆ ਅਤੇ ਇਸ ਦੌਰਾਨ 'ਸਾਨੂੰ ਨਿਆਂ ਚਾਹੀਦਾ' ਅਤੇ 'ਪ੍ਰਸ਼ਾਸਨ ਹਾਏ ਹਾਏ' ਵਰਗੇ ਨਾਅਰੇ ਲਗਾਏ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭਾਈਚਾਰੇ ਦੇ ਮੈਂਬਰ ਸ਼ਹਿਰ ਦੇ ਲਾਲ ਮੰਡੀ ਇਲਾਕੇ 'ਚ ਇਕੱਠੇ ਹੋਏ ਅਤੇ ਭਟ ਲਈ ਝੇਲਮ ਨਦੀ 'ਚ ਪੂਜਾ ਕੀਤੀ, ਜਿਨ੍ਹਾਂ ਨੂੰ 12 ਮਈ ਨੂੰ ਬੜਗਾਮ ਜ਼ਿਲ੍ਹੇ ਦੇ ਚਦੂਰਾ ਸ਼ਹਿਰ 'ਚ ਤਹਿਸੀਲ ਦਫ਼ਤਰ ਦੇ ਅੰਦਰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ।

ਇਹ ਵੀ ਪੜ੍ਹੋ : ਸਿਰ 'ਚ ਗੋਲ਼ੀ ਵੱਜਣ ਕਾਰਨ ਬ੍ਰੇਨ ਡੈੱਡ ਹੋਈ 6 ਸਾਲਾ ਮਾਸੂਮ, 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ

ਪੂਜਾ ਖ਼ਤਮ ਹੋਣ ਦੇ ਤੁਰੰਤ ਬਾਅਦ, ਪ੍ਰਦਰਸ਼ਨਕਾਰੀਆਂ ਨੇ ਲਾਲ ਚੌਕ ਵੱਲ ਮਾਰਚ ਸ਼ੁਰੂ ਕੀਤਾ। ਲਾਲ ਚੌਕ ਪਹੁੰਚਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪ੍ਰਸਿੱਧ ਘੰਟਾਘਰ ਕੋਲ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਭਟ ਲਈ ਨਿਆਂ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਭਟ ਦੇ ਕਾਤਲਾਂ ਅਤੇ ਬੜਗਾਮ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਹ ਮੰਗ ਵੀ ਕੀਤੀ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਅਧੀਨ ਨੌਕਰੀ ਪਾਉਣ ਵਾਲੇ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਟਰਾਂਸਫਰ ਕੀਤਾ ਜਾਵੇ। ਭਟ ਦੇ ਕਤਲ ਤੋਂ ਇਲਾਵਾ ਕਸ਼ਮੀਰੀ ਪੰਡਿਤ ਕਰਮੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਪ੍ਰਸ਼ਾਸਨ ਦੀ ਅਸਫ਼ਲਤਾ ਨੂੰ ਲੈ ਕੇ ਜੰਮੂ ਕਸ਼ਮੀਰ 'ਚ ਕਈ ਥਾਂਵਾਂ 'ਤੇ ਵਿਰੋਧ ਪ੍ਰਦਰਸ਼ਨ ਹੋਏ ਹਨ। ਭਟ ਨੂੰ 2010-11 'ਚ ਪ੍ਰਵਾਸੀਆਂ ਲਈ ਵਿਸ਼ੇਸ਼ ਰੁਜ਼ਗਾਰ ਪੈਕੇਜ ਦੇ ਅਧੀਨ ਲਿਪਿਕ ਦੀ ਨੌਕਰੀ ਮਿਲੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News