ਕਸ਼ਮੀਰੀ ਪੰਡਤਾਂ ਨੇ ਘਰ ਵਾਪਸੀ ਦੀ ਮੰਗ ਨੂੰ ਮੁੜ ਦੁਹਰਾਇਆ, PM ਮੋਦੀ ਨੂੰ ਕੀਤੀ ਖ਼ਾਸ ਅਪੀਲ
Monday, Sep 14, 2020 - 12:56 PM (IST)
ਨਵੀਂ ਦਿੱਲੀ- ਦੇਸ਼-ਵਿਦੇਸ਼ 'ਚ ਰਹਿ ਰਹੇ ਕਸ਼ਮੀਰੀ ਪੰਡਤਾਂ ਨੇ ਦੇਸ਼ ਨਿਕਾਲਾ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਸੰਬੰਧ 'ਚ ਕਸ਼ਮੀਰੀ ਪੰਡਤ ਪ੍ਰਤੀਨਿਧੀਆਂ ਨਾਲ ਤੁਰੰਤ ਇਕ ਮੀਟਿੰਗ ਕਰਨ ਦੀ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਕਸ਼ਮੀਰੀ ਪੰਡਤਾਂ ਦੀ ਇਕ ਮਹਾਪੰਚਾਇਤ ਵਲੋਂ ਵੈਬਿਨਾਰ 'ਚ ਬਲੀਦਾਨ ਦਿਵਸ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਕੁਝ ਪ੍ਰਮੁੱਖ ਸ਼ਹੀਦਾਂ ਦੇ ਪਰਿਵਾਰ ਵਾਲੇ ਵੀ ਆਪਣੇ ਮੈਂਬਰਾਂ ਨੂੰ ਯਾਦ ਕਰਨ ਲਈ ਮੌਜੂਦ ਰਹੇ।
ਜੰਮੂ, ਦਿੱਲੀ, ਬੈਂਗਲੁਰੂ, ਪੁਣੇ, ਕੈਨੇਡਾ, ਕੈਪਟਾਊਨ ਅਤੇ ਇੰਗਲੈਂਡ 'ਚ ਰਹਿਣ ਵਾਲੇ ਕਸ਼ਮੀਰੀ ਪੰਡਤ ਭਾਈਚਾਰੇ ਦੇ ਲੋਕ ਇਸ ਵੈਬਿਨਾਰ 'ਚ ਸ਼ਾਮਲ ਹੋਏ। ਵੈਬਿਨਾਰ ਤੋਂ ਬਾਅਦ ਜਾਰੀ ਬਿਆਨ 'ਚ ਆਯੋਜਕਾਂ ਨੇ ਕਿਹਾ ਕਿ ਦੇਸ਼ ਨਿਕਾਲਾ ਦਿੱਤੇ ਗਏ ਕਸ਼ਮੀਰੀ ਪੰਡਤਾਂ ਦੀ 7 ਲੱਖ ਦੀ ਜਨਸੰਖਿਆ ਪੂਰੇ ਵਿਸ਼ਵ 'ਚ ਫੈਲ ਗਈ ਅਤੇ ਆਪਣੀਆਂ ਸ਼ਰਤਾਂ 'ਤੇ ਆਪਣੀ ਮਾਂ ਭੂਮੀ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਬਿਆਨ 'ਚ ਕਿਹਾ ਗਿਆ ਕਿ ਸਾਡੀਆਂ ਜੜ੍ਹਾਂ ਘਾਟੀ ਦੀ ਮਿੱਟੀ 'ਚ 5 ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀਆਂ ਹਨ ਅਤੇ ਕਸ਼ਮੀਰ 'ਚ ਸਾਡੀ ਹੋਂਦ ਦੀ ਹਿੱਸੇਦਾਰੀ ਹੈ।