ਕਸ਼ਮੀਰ ਸਮੱਸਿਆ ਉਦੋਂ ਤੱਕ ਖ਼ਤਮ ਨਹੀਂ ਹੋਵੇਗੀ, ਜਦੋਂ ਤੱਕ ਅਸੀਂ ਆਪਣੇ ਗੁਆਂਢੀ ਨਾਲ ਗੱਲ ਨਹੀਂ ਕਰਦੇ : ਫਾਰੂਕ
Wednesday, Jan 18, 2023 - 11:13 AM (IST)
ਨਵੀਂ ਦਿੱਲੀ (ਭਾਸ਼ਾ)- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਕਸ਼ਮੀਰ ਸਮੱਸਿਆ ਉਦੋਂ ਤੱਕ ਖ਼ਤਮ ਨਹੀਂ ਹੋਵੇਗੀ, ਜਦੋਂ ਤੱਕ ਅਸੀਂ ਆਪਣੇ ਗੁਆਂਢੀ ਨਾਲ ਗੱਲ ਨਹੀਂ ਕਰਦੇ ਅਤੇ ਦਹਾਕਿਆਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਦਾ ਅਸਲ ਹੱਲ ਨਹੀਂ ਲੱਭਦੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਅਸੀਂ ਇਕਜੁਟ ਨਹੀਂ ਹੋਵਾਂਗੇ, ਉਦੋਂ ਤੱਕ ਭਾਰਤ ਤਰੱਕੀ ਨਹੀਂ ਕਰ ਸਕੇਗਾ ਅਤੇ ਮਜ਼ਬੂਤ ਨਹੀਂ ਬਣ ਸਕੇਗਾ।
ਨੇਕਾਂ ਮੁਖੀ ਨੇ ਕਿਹਾ,''ਭਾਰਤ ਇਕ ਅਨੋਖਾ ਦੇਸ਼ ਹੈ ਅਤੇ ਇਹ ਇਸ ਲਈ ਹੈ, ਕਿਉਂਕਿ ਅਸੀਂ ਸਾਰੇ ਮਿਲ ਕੇ ਸੋਚਦੇ ਹਾਂ, ਸਾਨੂੰ ਗਾਂਧੀ ਦੇ ਸੁਫ਼ਨਿਆਂ ਦੇ ਭਾਰਤ 'ਚ ਵਾਪਸ ਆਉਣਾ ਹੋਵੇਗਾ, ਜੇਕਰ ਦੇਸ਼ ਨੂੰ ਤਰੱਕੀ ਕਰਨੀ ਹੈ ਤਾਂ ਵੰਡ ਨੂੰ ਖ਼ਤਮ ਕਰਨਾ ਹੋਵੇਗਾ। ਜਦੋਂ ਤੱਕ ਅਸੀਂ ਇਕਜੁਟ ਨਹੀਂ ਹੋਵਾਂਗੇ, ਦੇਸ਼ ਕਦੇ ਮਜ਼ਬੂਤ ਨਹੀਂ ਬਣੇਗਾ।'' ਉਨ੍ਹਾਂ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ,''ਕਸ਼ਮੀਰ ਦੀ ਸਮੱਸਿਆ ਖ਼ਤਮ ਨਹੀਂ ਹੋਵੇਗੀ ਅਤੇ ਮੈਨੂੰ ਇਹ ਕਹਿੰਦੇ ਹੋਏ ਦੁਖ਼ ਹੋ ਰਿਹਾ ਹੈ ਕਿ ਅੱਤਵਾਦ ਉਦੋਂ ਤੱਕ ਬਣਿਆ ਰਹੇਗਾ, ਜਦੋਂ ਤੱਕ ਅਸੀਂ ਆਪਣੇ ਗੁਆਂਢੀ ਨਾਲ ਗੱਲ ਨਹੀਂ ਰਕਦੇ ਅਤੇ ਇਸ ਸਮੱਸਿਆ ਦਾ ਅਸਲ ਹੱਲ ਨਹੀਂ ਕੱਢਦੇ।''