ਕਾਸ਼ੀ ਵਿਸ਼ਵਨਾਥ ਧਾਮ: PM ਮੋਦੀ ਨੇ ਮਜ਼ਦੂਰਾਂ ’ਤੇ ਫੁੱਲ ਦੀ ਵਰਖਾ ਕੀਤੀ, ਤਸਵੀਰਾਂ ਵੀ ਖਿਚਵਾਈਆਂ
Monday, Dec 13, 2021 - 06:14 PM (IST)
ਵਾਰਾਣਸੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦੇ ਨਿਰਮਾਣ ਕੰਮ ’ਚ ਸ਼ਾਮਲ ਰਹੇ ਮਜ਼ਦੂਰਾਂ ਦੇ ਇਕ ਸਮੂਹ ’ਤੇ ਫੁੱਲਾਂ ਦੀ ਵਰਖਾ ਕੀਤੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਜ਼ਦੂਰਾਂ, ਇੰਜੀਨੀਅਰਾਂ ਅਤੇ ਸ਼ਿਲਪਕਾਰਾਂ ਨੇ ਕਾਸ਼ੀ ਕਾਰੀਡੋਰ ਦੇ ਨਿਰਮਾਣ ਅਤੇ ਪ੍ਰਾਚੀਨ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਨੂੰ ਨਵਾਂ ਰੂਪ ਦੇਣ ’ਚ ਯੋਗਦਾਨ ਦਿੱਤਾ ਹੈ। ਇਸ ਪੂਰੇ ਖੇਤਰ ਨੂੰ ਹੁਣ ਕਾਸ਼ੀ ਵਿਸ਼ਵਨਾਥ ਧਾਮ ਦੇ ਨਾਂ ਤੋਂ ਜਾਣਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਗੰਗਾ ’ਚ ਡੁਬਕੀ ਲਗਾਉਣ ਅਤੇ ਮੰਦਰ ’ਚ ਪੂਜਾ ਕਰਨ ਮਗਰੋਂ ਕਾਰੀਡੋਰ ਦਾ ਉਦਘਾਟਨ ਕੀਤਾ। ਮੋਦੀ ਨੇ ਪੂਜਾ ਕਰਨ ਮਗਰੋਂ ਮਜ਼ਦੂਰਾਂ ਦੇ ਇਕ ਸਮੂਹ ਨਾਲ ਮੁਲਾਕਾਤ ਕੀਤੀ, ਜੋ ਮੰਦਰ ਦੇ ਨੇੜੇ ਵਿਹੜੇ ਵਾਂਗ ਬਣੀ ਇਕ ਗੈਲਰੀ ਵਿਚ ਬੈਠੇ ਹੋਏ ਸਨ। ਇਸ ਦਰਮਿਆਨ ਫੁੱਲਾਂ ਦੀ ਟੋਕਰੀ ਲੈ ਕੇ ਲੰਘਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਉਹ ਲੋਕ ਨਿਰਮਾਣ ਸਥਲ ਦੇ ਜੈਕਟ ਪਹਿਨੇ ਹੋਏ ਸਨ, ਉਨ੍ਹਾਂ ਨੇ ਤਾੜੀਆਂ ਵਜਾ ਕੇ ਹੱਥ ਜੋੜ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਉਨ੍ਹਾਂ ਨਾਲ ਬੈਠੇ ਵੀ। ਉਨ੍ਹਾਂ ਨੇ ਉਨ੍ਹਾਂ ਮਜ਼ਦੂਰਾਂ ਨਾਲ ਤਸਵੀਰਾਂ ਨੂੰ ਖਿਚਵਾਈਆਂ।
ਦੱਸ ਦੇਈਏ ਕਿ 339 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕਾਸ਼ੀ ਵਿਸ਼ਵਨਾਥ ਧਾਮ ਦੇ ਪਹਿਲੇ ਪੜਾਅ ਵਿਚ 23 ਭਵਨਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ’ਚ ਸ਼ਰਧਾਲੂਆਂ ਲਈ ਕਈ ਸਹੂਲਤਾਂ ਹੋਣਗੀਆਂ, ਜਿਵੇਂ ਕਿ ਯਾਤਰੀ ਸਹੂਲਤ ਕੇਂਦਰ, ਵੇਦ ਕੇਂਦਰ, ਨਗਰ ਅਜਾਇਬਘਰ, ਫੂਡ ਕੋਰਟ ਆਦਿ। ਮੋਦੀ ਨੇ ਕਿਹਾ ਕਿ ਵਾਰਾਣਸੀ ਕਈ ਮਹਾਨ ਸ਼ਖਸੀਅਤਾਂ ਦੀ ਕਰਮਭੂਮੀ ਅਤੇ ਜਨਮਭੂਮੀ ਰਿਹਾ ਹੈ ਅਤੇ ਉਨ੍ਹਾਂ ਨੇ ਕਰੀਬ 1780 ’ਚ ਮੰਦਰ ਦਾ ਨਿਰਮਾਣ ਕਰਾਉਣ ਨੂੰ ਲੈ ਕੇ ਮਹਾਰਾਣੀ ਅਹਿਲਯਾਬਾਈ ਹੋਲਕਰ ਦੀ ਸ਼ਲਾਘਾ ਕੀਤੀ।