ਕਸਾਬ ਨੂੰ ਵੀ ਇੰਨੀ ਸੁਰੱਖਿਆ ਨਹੀਂ ਮਿਲੀ ਸੀ, ਜਿੰਨੀ ‘ਬਾਗੀ’ ਵਿਧਾਇਕਾਂ ਨੂੰ ਦਿੱਤੀ ਜਾ ਰਹੀ: ਆਦਿੱਤਿਆ ਠਾਕਰੇ
Sunday, Jul 03, 2022 - 04:03 PM (IST)
ਮੁੰਬਈ– ਸ਼ਿਵ ਸੈਨਾ ਨੇਤਾ ਆਦਿੱਤਿਆ ਠਾਕਰੇ ਨੇ ਐਤਵਾਰ ਨੂੰ ਮਹਾਰਾਸ਼ਟਰ ’ਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਬਾਗੀ ਵਿਧਾਇਕਾਂ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰਨ ’ਤੇ ਸਵਾਲ ਚੁੱਕੇ ਹਨ। ਸ਼ਿੰਦੇ ਦੇ ਸਮਰਥਕ ਬਾਗੀ ਵਿਧਾਇਕ ਐਤਵਾਰ ਨੂੰ ਵਿਸ਼ੇਸ਼ ਬੱਸਾਂ ਜ਼ਰੀਏ ਨੇੜੇ ਦੇ ਲਗਜ਼ਰੀ ਹੋਟਲ ਤੋਂ ਵਿਧਾਨ ਭਵਨ ਕੰਪਲੈਕਸ ਪਹੁੰਚੇ।
ਆਦਿੱਤਿਆ ਨੇ ਤੰਜ਼ ਕੱਸਦੇ ਹੋਏ ਕਿਹਾ, ‘‘ਕਸਾਬ ਨੂੰ ਵੀ ਇੰਨੀ ਸੁਰੱਖਿਆ ਨਹੀਂ ਦਿੱਤੀ ਗਈ ਸੀ। ਅਸੀਂ ਮੁੰਬਈ ’ਚ ਅਜਿਹੀ ਸੁਰੱਖਿਆ ਕਦੇ ਨਹੀਂ ਵੇਖੀ। ਤੁਸੀਂ ਕਿਉਂ ਡਰੇ ਹੋਏ ਹੋ? ਕੀ ਕੋਈ ਦੌੜ ਜਾਵੇਗਾ? ਇੰਨਾ ਡਰ ਕਿਉਂ ਹੈ? ਦੱਸ ਦੇਈਏ ਕਿ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਜ਼ਮਲ ਕਸਾਬ ਨੂੰ 26 ਨਵੰਬਰ 2008 ਨੂੰ ਮੁੰਬਈ ’ਚ ਹੋਏ ਹਮਲਿਆਂ ਦੌਰਾਨ ਜ਼ਿੰਦਾ ਫੜਿਆ ਗਿਆ ਸੀ ਅਤੇ ਪੁਣੇ ਦੀ ਯਰਵਦਾ ਜੇਲ੍ਹ ’ਚ ਉਸ ਨੂੰ ਫਾਂਸੀ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ’ਚ 4 ਦਿਨ ਪਹਿਲਾਂ ਬਣੀ ਸ਼ਿਵ ਸੈਨਾ (ਸ਼ਿੰਦੇ ਧੜੇ) ਅਤੇ ਭਾਜਪਾ ਦੀ ਗਠਜੋੜ ਸਰਕਾਰ ਨੂੰ 4 ਜੁਲਾਈ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਵਿਸ਼ਵਾਸ ਮਤ ਦਾ ਸਾਹਮਣਾ ਕਰਨਾ ਹੈ। ਸ਼ਿੰਦੇ ਨੂੰ ਸਮਰਥਨ ਦੇਣ ਵਾਲੇ ਸ਼ਿਵ ਸੈਨਾ ਦੇ ਬਾਗੀ ਵਿਧਾਇਕ ਸ਼ਨੀਵਾਰ ਸ਼ਾਮ ਗੋਆ ਤੋਂ ਮੁੰਬਈ ਪਰਤ ਆਏ। ਉਨ੍ਹਾਂ ਨੂੰ ਦੱਖਣੀ ਮੁੰਬਈ ਦੇ ਇਕ ਹੋਟਲ ’ਚ ਰੱਖਿਆ ਗਿਆ ਹੈ, ਜੋ ਵਿਧਾਨ ਭਵਨ ਨੇੜੇ ਸਥਿਤ ਹੈ।