ਸੰਵਿਧਾਨਿਕ ਸਿਧਾਂਤਾ ਦਾ ਪਾਲਨ ਕਰਾਂਗਾ: ਕਰਨਾਟਕ ਸਪੀਕਰ
Wednesday, Jul 17, 2019 - 02:00 PM (IST)

ਨਵੀਂ ਦਿੱਲੀ—ਕਰਨਾਟਕ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਬਾਗੀ ਵਿਧਾਇਕਾਂ ਦੇ ਅਸਤੀਫਿਆਂ 'ਤੇ ਫੈਸਲਾ ਕਰਨ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਦੇਣ 'ਤੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਸੰਵਿਧਾਨ ਦੇ ਸਿਧਾਤਾਂ ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਅਦਾਲਤ ਨੇ ਅੱਜ ਆਦੇਸ਼ ਦਿੱਤਾ ਹੈ ਕਿ ਕਾਂਗਰਸ ਅਤੇ ਜੇ. ਡੀ. ਐੱਸ. ਦੇ ਬਾਗੀ ਵਿਧਾਇਕਾਂ ਨੂੰ ਕਰਨਾਟਕ ਵਿਧਾਨ ਸਭਾ ਦੀ ਕਾਰਵਾਈ 'ਚ ਭਾਗ ਲੈਣ ਲਈ ਰੋਕਿਆ ਨਹੀਂ ਜਾਵੇਗਾ। ਕਰਨਾਟਕ ਵਿਧਾਨ ਸਭਾ 'ਚ 18 ਜੁਲਾਈ ਨੂੰ ਐੱਚ. ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਭਰੋਸੇ ਦੀ ਵੋਟ 'ਤੇ ਫੈਸਲਾ ਹੋਣਾ ਹੈ।
ਵਿਧਾਇਕਾਂ ਦੇ ਅਸਤੀਫੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਤਰੁੰਤ ਬਾਅਦ ਕੁਮਾਰ ਨੇ ਕਿਹਾ, '' ਮੈਂ ਪੂਰੀ ਨਿਮਰਤਾ ਨਾਲ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਅਤੇ ਸਨਮਾਨ ਕਰਦਾ ਹਾਂ।''
ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ ਬੈਚ ਨੇ ਕਿਹਾ ਹੈ ਕਿ ਕਰਨਾਟਕ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਆਪਣੇ ਦੁਆਰਾ ਤੈਅ ਕੀਤੇ ਗਏ ਸਮੇਂ ਦੌਰਾਨ ਬਾਗੀ ਵਿਧਾਇਕਾਂ ਦੇ ਅਸਤੀਫਿਆਂ 'ਤੇ ਫੈਸਲਾ ਲੈਣ ਲਈ ਸੁਤੰਤਰ ਹੈ।
ਦੱਸ ਦੇਈਏ ਕਿ 16 ਵਿਧਾਇਕਾਂ ਦੇ ਅਸਤੀਫੇ ਦੇਣ 'ਤੇ ਕਰਨਾਟਕ 'ਚ ਸਿਆਸੀ ਸੰਕਟ ਪੈਦਾ ਹੋ ਗਿਆ ਸੀ, ਜਿਨ੍ਹਾਂ 'ਚ 13 ਕਾਂਗਰਸ ਅਤੇ 3 ਜੇ. ਡੀ. ਐੱਸ. ਦੇ ਵਿਧਾਇਕ ਸ਼ਾਮਲ ਹਨ। ਇਸ ਤੋਂ ਇਲਾਵਾ 2 ਆਜ਼ਾਦ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਇਹ ਵੀ ਸੱਤਾਧਾਰੀ ਗਠਜੋੜ ਦੇ ਮੈਂਬਰਾਂ ਦੀ ਗਿਣਤੀ 117 ਸੀ, ਜਿਨ੍ਹਾਂ 'ਚ 78 ਕਾਂਗਰਸ, 37 ਜੇ. ਡੀ. ਐੱਸ, 1 ਬਸਪਾ ਅਤੇ 1 ਆਜ਼ਾਦ ਉਮੀਦਵਾਰ ਸੀ।