ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਤੋਂ ਬਾਅਦ ਧੀ ਵੀ ਕੋਰੋਨਾ ਪਾਜ਼ੇਟਿਵ, ਹਸਪਤਾਲ ''ਚ ਦਾਖ਼ਲ

Monday, Aug 03, 2020 - 11:08 AM (IST)

ਬੈਂਗਲੁਰੂ (ਵਾਰਤਾ)— ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਤੋਂ ਬਾਅਦ ਹੁਣ ਉਨ੍ਹਾਂ ਦੀ ਧੀ ਵੀ ਕੋਰੋਨਾ ਪਾਜ਼ੇਟਿਵ ਹੋ ਗਈ ਹੈ ਅਤੇ ਬੈਂਗਲੁਰੂ ਦੇ ਮਣੀਪਾਲ ਹਸਪਤਾਲ ਵਿਚ ਉਨ੍ਹਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਯੇਦੀਯੁਰੱਪਾ ਵੀ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਆਉਣ 'ਤੇ ਹਸਪਤਾਲ 'ਚ ਦਾਖ਼ਲ ਕਰਵਾਏ ਗਏ। ਯੇਦੀਯੁਰੱਪਾ ਨੇ ਆਪਣੇ ਟਵਿੱਟਰ 'ਤੇ ਲਿਖਿਆ- ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਹਾਲਾਂਕਿ ਮੈਂ ਠੀਕ ਹਾਂ। ਮੈਂ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ 'ਚ ਦਾਖ਼ਲ ਹੋ ਰਿਹਾ ਹਾਂ। ਮੈਂ ਬੇਨਤੀ ਕਰਾਂਗਾ ਕਿ ਜੋ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ, ਜਾਂਚ ਕਰਵਾਉਣ ਅਤੇ ਹੁਣੇ ਤੋਂ ਖ਼ੁਦ ਆਈਸੋਲੇਸ਼ਨ ਹੋ ਜਾਣ। ਦੱਸ ਦੇਈਏ ਕਿ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਹੀ ਕੋਰੋਨਾ ਦੀ ਜਾਂਚ ਕਰਵਾਈ ਸੀ। ਕੇਂਦਰੀ ਮੰਤਰੀ ਸਮਰਿਤੀ ਇਰਾਨੀ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਨ ਮੰਡਲ ਦਲ ਦੇ ਨੇਤਾ ਸਿੱਧਰਮਈਆ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।

ਓਧਰ ਹਸਪਤਾਲ ਵਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਯੇਦੀਯੁਰੱਪਾ ਠੀਕ ਹਨ। ਮਣੀਪਾਲ ਹਸਪਤਾਲ ਵਿਚ ਡਾਕਟਰਾਂ ਦੀ ਟੀਮ 78 ਸਾਲਾ ਨੇਤਾ ਦੀ ਸਿਹਤ 'ਤੇ ਨਜ਼ਰ ਰੱਖ ਰਿਹਾ ਹੈ। ਯੇਦੀਯੁਰੱਪਾ ਨੇ ਕਿਹਾ ਕਿ ਮੈਂ ਠੀਕ ਹਾਂ ਪਰ ਡਾਕਟਰਾਂ ਦੀ ਸਲਾਹ ਮੁਤਾਬਕ ਸਾਵਧਾਨੀ ਦੇ ਤੌਰ 'ਤੇ ਹਸਪਤਾਲ 'ਚ ਦਾਖ਼ਲ ਹਾਂ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਦੇ ਸਟਾਫ਼ ਦੇ ਕੁਝ ਮੈਂਬਰ ਪੀੜਤ ਪਾਏ ਗਏ ਸਨ, ਜਿਸ ਤੋਂ ਬਾਅਦ ਉਹ ਘਰ 'ਚ ਹੀ ਕੁਆਰੰਟੀਨ ਵਿਚ ਸਨ। ਹਾਲਾਂਕਿ ਉਦੋਂ ਕੋਰੋਨਾ ਜਾਂਚ ਦੀ ਰਿਪੋਰਟ ਵਿਚ ਉਹ ਪੀੜਤ ਨਹੀਂ ਪਾਏ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਐੱਚ. ਵੀ. ਦੇਵਗੌੜਾ ਨੇ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।

ਦੱਸ ਦੇਈਏ ਕਿ ਯੇਦੀਯੁਰੱਪਾ ਕੋਰੋਨਾ ਤੋਂ ਪੀੜਤ ਹੋਣ ਵਾਲੇ ਕਰਨਾਟਕ ਸਰਕਾਰ ਦੇ ਚੌਥੇ ਮੈਂਬਰ ਹਨ। ਉਨ੍ਹਾਂ ਤੋਂ ਪਹਿਲਾਂ ਜੰਗਲਾਤ ਮੰਤਰੀ ਆਨੰਦ ਸਿੰਘ, ਸੈਰ-ਸਪਾਟਾ ਮੰਤਰੀ ਸੀ. ਟੀ. ਰਵੀ ਅਤੇ ਖੇਤੀਬਾੜੀ ਮੰਤਰੀ ਬੀ. ਸੀ. ਪਾਟਿਲ ਕੋਰੋਨਾ ਤੋਂ ਪੀੜਤ ਹੋਏ ਸਨ। ਸੂਬੇ ਵਿਚ ਕੋਰੋਨਾ ਦੇ ਕੁੱਲ 1,34,819 ਕੇਸ ਸਨ, ਜਿਨ੍ਹਾਂ 'ਚੋਂ 2,496 ਲੋਕਾਂ ਦੀ ਮੌਤ ਹੋ ਗਈ ਅਤੇ 57,725 ਪੀੜਤਾਂ ਨੂੰ ਸਿਹਤਮੰਦ ਹੋਣ 'ਤੇ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ।


Tanu

Content Editor

Related News