ਕਰਨਾਟਕ ਸੀ.ਡੀ. ਕਾਂਡ: ਸਰਕਾਰ ਦੇ 6 ਮੰਤਰੀਆਂ ਦਾ ਕੀਤਾ ਅਦਾਲਤ ਦਾ ਰੂਖ
Sunday, Mar 07, 2021 - 12:46 AM (IST)

ਬੇਂਗਲੁਰੂ - ਕਾਂਗਰਸ-ਜਨਤਾ ਦਲ (ਐੱਸ.) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕਰ ਕੇ ਭਾਜਪਾ ਵਿਚ ਸ਼ਾਮਲ ਹੋ ਕੇ ਮੰਤਰੀ ਬਣੇ ਰਮੇਸ਼ ਜਾਰਕੀਹੋਲੀ ਵਿਰੁੱਧ ਕੁਝ ਦਿਨ ਪਹਿਲਾਂ ਇਕ ਇਤਰਾਜ਼ਯੋਗ ਸੀ.ਡੀ. ਦੇ ਸਾਹਮਣੇ ਆਉਣ ਅਤੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗਣ ਪਿੱਛੋਂ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਕਰਨਾਟਕ ਦੇ 6 ਮੰਤਰੀਆਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ।
ਉਕਤ ਮੰਤਰੀਆਂ ਨੇ ਬੇਂਗਲੁਰੂ ਦੀ ਇਕ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਮੀਡੀਆ ਸੰਗਠਨਾਂ ਨੂੰ ਉਨ੍ਹਾਂ ਵਿਰੁੱਧ ਕੋਈ ਵੀ ਇਤਰਾਜ਼ਯੋਗ ਜਾਂ ਸਾਜ਼ਿਸ਼ ਅਧੀਨ ਜਾਰੀ ਕੀਤੀ ਗਈ ਸਮੱਗਰੀ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਤੋਂ ਰੋਕਣ ਦੀ ਬੇਨਤੀ ਕੀਤੀ ਗਈ ਹੈ। ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਦੇ ਜਿਨ੍ਹਾਂ 6 ਮੰਤਰੀਆਂ ਨੇ ਸ਼ੁੱਕਰਵਾਰ ਨੂੰ ਅਦਾਲਤ ਦਾ ਰੁਖ ਕਰ ਕੇ ਖੁਦ ਨੂੰ ਅਜਿਹੀ ਸਾਜ਼ਿਸ਼ ਤੋਂ ਬਚਾਉਣ ਦੀ ਅਪੀਲ ਕੀਤੀ, ਉਨ੍ਹਾਂ ਵਿਚ ਸੂਬੇ ਦੇ ਕਿਰਤ ਮੰਤਰੀ ਸ਼ਿਵ ਰਾਮ, ਖੇਤੀਬਾੜੀ ਮੰਤਰੀ ਬੀ.ਸੀ. ਪਾਟਿਲ, ਸਹਿਕਾਰਤਾ ਮੰਤਰੀ ਐੱਸ. ਟੀ. ਸੋਮਸ਼ੇਖਰ, ਪਰਿਵਾਰ ਕਲਿਆਣ ਅਤੇ ਮੈਡੀਕਲ ਸਿੱਖਿਆ ਮੰਤਰੀ ਕੇ. ਸੁਧਾਕਰ, ਯੁਵਾ ਸਸ਼ਕਤੀਕਰਣ ਅਤੇ ਖੇਡ ਮੰਤਰੀ ਕੇ.ਸੀ. ਨਾਰਾਇਣਗੌੜਾ ਅਤੇ ਸ਼ਹਿਰੀ ਵਿਕਾਸ ਮੰਤਰੀ ਭਿਆਰਥੀ ਬਾਸਵਰਾਜ ਸ਼ਾਮਲ ਹਨ।
ਉਕਤ 6 ਮੰਤਰੀ ਉਨ੍ਹਾਂ 17 ਵਿਧਾਇਕਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਕਾਂਗਰਸ-ਜਨਤਾ ਦਲ (ਐੱਸ.) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕੀਤੀ ਸੀ। ਇਸ ਕਾਰਣ ਜੁਲਾਈ 2019 ਵਿਚ ਸਰਕਾਰ ਡਿੱਗ ਗਈ ਸੀ ਅਤੇ ਭਾਜਪਾ ਦੇ ਸੱਤਾ ਵਿਚ ਆਉਣ ਦਾ ਰਾਹ ਖੁੱਲ੍ਹ ਗਿਆ ਸੀ। ਆਪਣੀਆਂ ਸਬੰਧਿਤ ਪਾਰਟੀਆਂ ਤੋਂ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਉਕਤ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਦਸੰਬਰ 2019 ਵਿਚ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।