ਕਰਨਾਲ ਮਹਾਪੰਚਾਇਤ: ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਟੁੱਟੀ, ਨਹੀਂ ਨਿਕਲਿਆ ਕੋਈ ਹੱਲ

Tuesday, Sep 07, 2021 - 03:55 PM (IST)

ਕਰਨਾਲ ਮਹਾਪੰਚਾਇਤ: ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਟੁੱਟੀ, ਨਹੀਂ ਨਿਕਲਿਆ ਕੋਈ ਹੱਲ

ਕਰਨਾਲ— ਹਰਿਆਣਾ ਦੇ ਕਰਨਾਲ ’ਚ ਬੀਤੀ 28 ਅਗਸਤ ਹੋਏ ਪੁਲਸ ਲਾਠੀਚਾਰਜ ਵਿਰੁੱਧ ਕਿਸਾਨਾਂ ਵਲੋਂ ਅੱਜ ਮਹਾਪੰਚਾਇਤ ਸੱਦੀ ਗਈ। ਹਾਲਾਂਕਿ ਇਸੇ ਦਰਮਿਆਨ ਕਰਨਾਲ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ। ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ’ਚ ਕੋਈ ਨਤੀਜਾ ਨਹੀਂ ਨਿਕਲ ਸਕਿਆ। ਬੈਠਕ ਖ਼ਤਮ ਹੋਣ ਮਗਰੋਂ ਕਿਸਾਨ ਨਾਰਾਜ਼ ਹੋ ਕੇ ਬਾਹਰ ਨਿਕਲੇ। ਦਰਅਸਲ ਕਿਸਾਨਾਂ ਵਲੋਂ 11 ਮੈਂਬਰੀ ਕਮੇਟੀ ਡੀ. ਸੀ. ਅਤੇ ਐੱਸ. ਪੀ. ਕਰਨਾਲ ਨਾਲ ਗੱਲਬਾਤ ਕੀਤੀ ਗਈ। ਤਿੰਨ ਦੌਰ ਦੀ ਗੱਲਬਾਤ ਮਗਰੋਂ ਵੀ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣੀ। ਹੁਣ ਕਿਸਾਨ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਕਿਸਾਨਾਂ ਦੀ 11 ਮੈਂਬਰੀ ਕਮੇਟੀ ’ਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਢੂਨੀ, ਡਾ. ਦਰਸ਼ਨ ਪਾਲ, ਰਾਮਪਾਲ ਚਹਿਲ, ਅਜੇ ਰਾਣਾ, ਸੁਖਵਿੰਦਰ ਸਿੰਘ, ਯੋਗੇਂਦਰ ਯਾਦਵ, ਕਾਮਰੇਡ ਇੰਦਰਜੀਤ ਸਿੰਘ, ਸੁਰੇਸ਼ ਗੋਤ ਅਤੇ ਵਿਕਾਸ ਸਿਸਰ ਨੂੰ ਕਮੇਟੀ ’ਚ ਸ਼ਾਮਲ ਕੀਤਾ ਗਿਆ। 

ਕਿਸਾਨ ਆਗੂ ਅਨਾਜ ਮੰਡੀ ਜਾਣਗੇ, ਜਿੱਥੇ ਮਹਾਪੰਚਾਇਚ ਚੱਲ ਰਹੀ ਹੈ ਅਤੇ ਉੱਥੇ ਅਗਲੇਰੀ ਰਣਨੀਤੀ ਤਿਆਰ ਕਰਨਗੇ। ਓਧਰ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਨਾਲ 3 ਦੌਰ ਦੀ ਗੱਲਬਾਤ ਬੇਨਤੀਜਾ ਰਹੀ ਹੈ। ਅਸੀਂ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਖ਼ਿਲਾਫ਼ ਕਾਰਵਾਈ ਅਤੇ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਸਰਕਾਰ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੈ। ਹੁਣ ਅਸੀਂ ਮਹਾਪੰਚਾਇਤ ’ਚ ਅੰਤਿਮ ਫ਼ੈਸਲਾ ਲੈਣ ਜਾ ਰਹੇ ਹਾਂ। ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਗੱਲ ਨਹੀਂ ਬਣੀ, ਮਹਾਪੰਚਾਇਤ ਹੋ ਕੇ ਰਹੇਗੀ, ਭਾਵੇਂ ਸਾਨੂੰ ਗਿ੍ਰਫ਼ਤਾਰੀ ਵੀ ਕਿਉਂ ਨਾ ਦੇਣੀ ਪਵੇ। 

ਦੱਸਣਯੋਗ ਹੈ ਕਿ 28 ਅਗਸਤ ਨੂੰ ਕਰਨਾਲ ’ਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਇਸ ਦੇ ਵਿਰੋਧ ’ਚ ਅੱਜ ਕਿਸਾਨ ਕਰਨਾਲ ’ਚ ਮਹਾਪੰਚਾਇਤ ਕਰ ਰਹੇ ਹਨ। ਕਿਸਾਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਕਰਨਾਲ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਕਰਨਾਲ, ਕੁਰੂਕਸ਼ੇਤਰ, ਪਾਨੀਪਤ, ਕੈਥਲ ਅਤੇ ਜੀਂਦ ਵਿਚ ਇੰਟਰਨੈੱਟ ਬੰਦ ਦਾ ਐਲਾਨ ਕੀਤਾ ਹੈ ਅਤੇ ਧਾਰਾ -144 ਲਾਗੂ ਕੀਤੀ ਗਈ ਹੈ। 


author

Tanu

Content Editor

Related News