ਕੰਗਨਾ ਰਨੌਤ ਦੇ ਬਿਆਨ ਨਾਲ ਖੜ੍ਹਾ ਹੈ ਯੂਨਾਈਟਿਡ ਹਿੰਦੂ ਫਰੰਟ : ਗੋਇਲ

Thursday, Nov 18, 2021 - 02:32 AM (IST)

ਕੰਗਨਾ ਰਨੌਤ ਦੇ ਬਿਆਨ ਨਾਲ ਖੜ੍ਹਾ ਹੈ ਯੂਨਾਈਟਿਡ ਹਿੰਦੂ ਫਰੰਟ : ਗੋਇਲ

ਨਵੀਂ ਦਿੱਲੀ – ਯੂਨਾਈਟਿਡ ਹਿੰਦੂ ਫਰੰਟ ਨੇ ਫਿਲਮ ਅਭਿਨੇਤਰੀ ਕੰਗਨਾ ਰਨੌਤ ਦੇ ਉਸ ਬਿਆਨ ਨਾਲ ਸਹਿਮਤੀ ਜ਼ਾਹਿਰ ਕੀਤੀ ਹੈ, ਜਿਸ ਵਿਚ ਕੰਗਨਾ ਨੇ ਮਹਾਤਮਾ ਗਾਂਧੀ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਰੁਕਵਾਉਣ ਲਈ ਕੋਈ ਯਤਨ ਨਾ ਕਰਨ ਦੀ ਗੱਲ ਕਹੀ ਹੈ।

ਯੂਨਾਈਟਿਡ ਹਿੰਦੂ ਫਰੰਟ ਤੇ ਰਾਸ਼ਟਰਵਾਦੀ ਸ਼ਿਵ ਸੈਨਾ ਵਲੋਂ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਲਾਲਾ ਲਾਜਪਤ ਰਾਏ ਜੀ ਦੇ ਬਲੀਦਾਨ ਦਿਹਾੜੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਫਰੰਟ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਕਿਹਾ ਕਿ ਦੇਸ਼ ਲਈ ਜਾਣਨਾ ਜ਼ਰੂਰੀ ਹੈ ਕਿ ਚੰਦਰਸ਼ੇਖਰ ਦੀ ਮੁਖਬਰੀ ਕਿਸ ਨੇ ਕੀਤੀ ਸੀ? ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਕਿਵੇਂ ਹੋਈ? ਲਾਲ ਬਹਾਦਰ ਸ਼ਾਸਤਰੀ ਜੀ ਦੀ ਮੌਤ ਕਿਵੇਂ ਹੋਈ ਸੀ?

ਇਹ ਵੀ ਪੜ੍ਹੋ- ਵਸੂਲੀ ਮਾਮਲਾ: ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ

ਗੋਇਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਕ੍ਰਾਂਤੀਕਾਰੀਆਂ ਕਾਰਨ ਮਿਲੀ ਸੀ। ਉਨ੍ਹਾਂ ਕੰਗਨਾ ਦੇ ਬਿਆਨ ਨੂੰ ਪੂਰਨ ਸੱਚ ਤੇ ਸਮੇਂ ਦੀ ਲੋੜ ਦੱਸਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਚਿੰਤਨ ਕਰਨਾ ਚਾਹੀਦਾ ਹੈ ਕਿ ਮਹਾਤਮਾ ਗਾਂਧੀ ਦੀ ਹੱਤਿਆ ਪਿੱਛੇ ਕੀ ਕਾਰਨ ਸਨ। ਗੋਇਲ ਨੇ ਕਿਹਾ ਕਿ ਉਹ ਹਿੰਸਾ ਦੇ ਸਮਰਥਕ ਨਹੀਂ ਪਰ ਮਨਚਾਹਿਆ ਇਤਿਹਾਸ ਘੜਨ ਵਾਲਿਆਂ ਦਾ ਵਿਰੋਧ ਕਰਨ ਤੋਂ ਕਦੇ ਪਿੱਛੇ ਨਹੀਂ ਹਟਣਗੇ।

ਆਪਣੇ ਸੰਬੋਧਨ ’ਚ ਗੋਇਲ ਨੇ ਕੌਮੀ ਏਕਤਾ ਦੇ ਪਹਿਰੇਦਾਰ, ਮਹਾਨ ਆਜ਼ਾਦੀ ਘੁਲਾਟੀਏ ਤੇ ਬੇਖੌਫ ਪੱਤਰਕਾਰ ਲਾਲਾ ਜਗਤ ਨਾਰਾਇਣ ਜੀ ਨੂੰ ਖਾਸ ਤੌਰ ’ਤੇ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਅਸਹਿਯੋਗ ਅੰਦੋਲਨ ਦੌਰਾਨ ਜੇਲ ਵਿਚ ਲਾਲਾ ਜਗਤ ਨਾਰਾਇਣ ਜੀ ਨੇ ਲਾਲਾ ਲਾਜਪਤ ਰਾਏ ਜੀ ਦੇ ਨਿੱਜੀ ਸਕੱਤਰ ਦੇ ਰੂਪ ’ਚ ਕੰਮ ਕੀਤਾ ਸੀ। ਲਾਲਾ ਜਗਤ ਨਾਰਾਇਣ ਜੀ ਦੀ ਤਨਦੇਹੀ, ਨਿਸ਼ਠਾ ਤੇ ਦੂਰਦਰਸ਼ਿਤਾ ਨੂੰ ਵੇਖਦਿਆਂ ਲਾਲਾ ਲਾਜਪਤ ਰਾਏ ਜੀ ਨੇ ਜਗਤ ਨਾਰਾਇਣ ਜੀ ਨੂੰ ਲਾਲਾ ਦੀ ਉਪਾਧੀ ਦਿੱਤੀ ਸੀ। ਲਾਜਪਤ ਰਾਏ ਜੀ ਤੋਂ ਪ੍ਰੇਰਿਤ ਹੋ ਕੇ ਹੀ ਜਗਤ ਨਾਰਾਇਣ ਜੀ ਨੇ ਦੇਸ਼ ਸੇਵਾ ਦਾ ਜ਼ਿੰਮਾ ਲਿਆ ਅਤੇ ਹਿੰਦ ਸਮਾਚਾਰ ਗਰੁੱਪ ਦੀ ਸਥਾਪਨਾ ਕੀਤੀ। ਅੱਜ ਇਸ ਗਰੁੱਪ ਦੀਆਂ ਅਖਬਾਰਾਂ ‘ਪੰਜਾਬ ਕੇਸਰੀ’, ‘ਜਗ ਬਾਣੀ’ ਤੇ ‘ਨਵੋਦਿਆ ਟਾਈਮਸ’ ਹਿੰਦੂਤਵ ਦੀ ਆਵਾਜ਼ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ

ਸ਼ਿਵ ਸੈਨਾ ਸੁਪਰੀਮੋ ਬਾਲਾ ਸਾਹਿਬ ਠਾਕਰੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਪ੍ਰਧਾਨ ਰਹੇ ਅਸ਼ੋਕ ਸਿੰਘਲ ਜੀ ਦੀ ਬਰਸੀ ਵੀ ਲਾਲਾ ਲਾਜਪਤ ਰਾਏ ਜੀ ਦੀ ਬਰਸੀ ਵਾਲੇ ਦਿਨ ਹੁੰਦੀ ਹੈ। ਠਾਕਰੇ ਤੇ ਸਿੰਘਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗੋਇਲ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਖਸੀਅਤਾਂ ਦੇ ਦ੍ਰਿੜ੍ਹ ਨਿਸ਼ਚੇ ਕਾਰਨ ਹੀ ਅਯੁੱਧਿਆ ਵਿਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News