ਕਮਲਨਾਥ ਦੀ ਜ਼ਿੱਦ ਨੇ ਰੱਦ ਕਰਵਾਈ ‘ਇੰਡੀਆ’ ਦੀ ਭੋਪਾਲ ਰੈਲੀ
Thursday, Sep 21, 2023 - 01:03 PM (IST)
ਨਵੀਂ ਦਿੱਲੀ- ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ ਉਸ ਵੇਲੇ ਇਕ-ਦੂਜੇ ਵੱਲ ਵੇਖਣ ਲੱਗੀਆਂ ਅਤੇ ਕਾਂਗਰਸ ਹਾਈਕਮਾਨ ਉਸ ਵੇਲੇ ਮੂੰਹ ਲੁਕਾਉਣ ਲੱਗੀ, ਜਦੋਂ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੇ 1 ਅਕਤੂਬਰ ਨੂੰ ਭੋਪਾਲ ’ਚ ਵਿਰੋਧੀ ਪਾਰਟੀਆਂ ਦੀ ਸਾਂਝੀ ਰੈਲੀ ਕਰਨ ਤੋਂ ਇਨਕਾਰ ਕਰ ਦਿੱਤਾ। ਕਮਲਨਾਥ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਤੋਂ ਇਸ ਲਈ ਨਾਰਾਜ਼ ਸਨ ਕਿ ਉਨ੍ਹਾਂ ਨੇ ਭੋਪਾਲ ’ਚ ਰੈਲੀ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਤਕ ਨਹੀਂ ਕੀਤੀ। ਕਮਲਨਾਥ ਨੇ ਗਾਂਧੀ ਪਰਿਵਾਰ ਦੇ ਮੈਂਬਰਾਂ ਨੂੰ ਸਮਝਾਇਆ ਕਿ ਕਾਂਗਰਸ ਦੀ ਸਮੁੱਚੀ ਸੂਬਾ ਇਕਾਈ ਇਕ ਤਰ੍ਹਾਂ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਨਾਲ ਜੰਗ ਲੜ ਰਹੀ ਹੈ।
ਹਾਈਕਮਾਨ ਨੇ ਮੰਨ ਗਈ ਅਤੇ ਰੈਲੀ ਰੱਦ ਕਰ ਦਿੱਤੀ ਗਈ। ਕਾਂਗਰਸ ਨੇ ‘ਇੰਡੀਆ’ ਦੀਆਂ ਪਾਰਟੀਆਂ ਨੂੰ ਦੱਸਿਆ ਕਿ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦਰਮਿਆਨ ਵਿਰੋਧੀ ਧਿਰ ਦੀ ਸਾਂਝੀ ਰੈਲੀ ਲਈ ਸਾਧਨ ਜੁਟਾਉਣੇ ਔਖੇ ਹੋਣਗੇ। ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਰਾਹੁਲ ਗਾਂਧੀ ਦੀ ਪ੍ਰਸਤਾਵਿਤ ‘ਭਾਰਤ ਜੋੜੋ ਯਾਤਰਾ’ ਦਾ ਦੂਜਾ ਪੜਾਅ ਵੀ ਲਟਕ ਗਿਆ ਹੈ।
ਕਮਲਨਾਥ ਨੇ ਕਿਹਾ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਸੂਬਾ ਇਕਾਈ ਨੇ ਵੱਡੇ ਪੱਧਰ ’ਤੇ ਆਊਟਰੀਚ ਪ੍ਰੋਗਰਾਮ ਦੀ ਯੋਜਨਾ ਬਣਾਈ ਹੈ, ਜਿਸ ਦੇ ਨੇਤਾ, ਜਿਨ੍ਹਾਂ ’ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਸ਼ਾਮਲ ਹਨ, ਸੱਤਾ ਬਰਕਰਾਰ ਰੱਖਣ ਲਈ ਸੂਬੇ ’ਚ ਡੇਰੇ ਲਾ ਕੇ ਬੈਠੇ ਹੋਏ ਹਨ। ਦੂਜਾ, ਸਮਾਜਵਾਦੀ ਪਾਰਟੀ, ‘ਆਪ’ ਅਤੇ ਹੋਰ ਪਾਰਟੀਆਂ ਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ’ਚ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਹਿੰਦੂਤਵ ਅਤੇ ਸਨਾਤਨ ਧਰਮ ਦੇ ਮੁੱਦੇ ’ਤੇ ਕਮਲਨਾਥ ‘ਇੰਡੀਆ’ ਗਠਜੋੜ ਦੀਆਂ ਹੋਰ ਪਾਰਟੀਆਂ ਨਾਲ ਵੀ ਅਸਹਿਮਤ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਡੀ. ਐੱਮ. ਕੇ. ਦੀ ਮੌਜੂਦਗੀ ਨਾਲ ਕਾਂਗਰਸ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਉਲਟ ਕਮਲਨਾਥ ਖੁਦ ਨੂੰ ਆਰ. ਐੱਸ. ਐੱਸ. ਅਤੇ ਭਾਤਪਾ ਨੇਤਾਵਾਂ ‘ਵੱਡਾ ਹਿੰਦੂ’ ਸਾਬਤ ਕਰਨ ਲਈ ਭਾਜਪਾ ਨਾਲ ਮੁਕਾਬਲੇਬਾਜ਼ੀ ’ਚ ਹਨ। ਉਨ੍ਹਾਂ ਨੇ ਉਸ ਸਮੇਂ ਭੋਪਾਲ ’ਚ ਬਾਗੇਸ਼ਵਰ ਬਾਬਾ ਦੀ ਮੇਜ਼ਬਾਨੀ ਵੀ ਕੀਤੀ ਜਦੋਂ ਉਹ ਭਾਜਪਾ ਲਈ ਪ੍ਰਚਾਰ ਕਰ ਰਹੇ ਸਨ।