ਮੁੜ ਸ਼ੁਰੂ ਹੋ ਰਹੀ ਕੈਲਾਸ਼ ਮਾਨਸਰੋਵਰ ਯਾਤਰਾ, ਜਾਣੋ ਕਿੰਨੇ ਲੋਕਾਂ ਦੀ ਹੋਈ ਚੋਣ
Thursday, May 22, 2025 - 03:15 PM (IST)

ਨਵੀਂ ਦਿੱਲੀ- ਇਸ ਸਾਲ ਜੂਨ ਤੋਂ ਇਕ ਵਾਰ ਫਿਰ ਭਾਰਤੀ ਤੀਰਥ ਯਾਤਰੀ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਜਾ ਸਕਣਗੇ। ਇਹ ਯਾਤਰਾ ਲੱਗਭਗ 5 ਸਾਲਾਂ ਦੇ ਵਕਫ਼ੇ ਮਗਰੋਂ ਹੋ ਰਹੀ ਹੈ। ਯਾਤਰਾ ਫਿਰ ਤੋਂ ਸ਼ੁਰੂ ਕੀਤੇ ਜਾਣ ਨੂੰ ਭਾਰਤ-ਚੀਨ ਸਬੰਧਾਂ ਨੂੰ ਆਮ ਬਣਾਉਣ ਦੀ ਕੋਸ਼ਿਸ਼ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ, ਜੋ ਪੂਰਬੀ ਲੱਦਾਖ ਵਿਚ ਸਰਹੱਦ 'ਤੇ ਗਤੀਰੋਧ ਤੋਂ ਪ੍ਰਭਾਵਿਤ ਹੋਏ ਸਨ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਸਾਲ ਦੀ ਤੀਰਥ ਯਾਤਰਾ ਜੂਨ ਵਿਚ ਸ਼ੁਰੂ ਹੋਵੇਗੀ ਅਤੇ ਅਗਸਤ ਤੱਕ ਜਾਰੀ ਰਹੇਗੀ।
ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਅਤੇ ਉਸ ਤੋਂ ਬਾਅਦ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (LAC) 'ਤੇ ਦੋਵਾਂ ਪੱਖਾਂ ਵਿਚਾਲੇ ਗਤੀਰੋਧ ਕਾਰਨ 2020 ਵਿਚ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਚੀਨ ਦੇ ਤਿੱਬਤ ਖੁਦਮੁਖਤਿਆਰ ਖੇਤਰ ਵਿਚ ਸਥਿਤ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੀ ਤੀਰਥ ਯਾਤਰਾ ਹਿੰਦੂਆਂ ਦੇ ਨਾਲ-ਨਾਲ ਜੈਨ ਅਤੇ ਬੌਧੀਆਂ ਲਈ ਧਾਰਮਿਕ ਮਹੱਤਵ ਰੱਖਦੀ ਹੈ।
750 ਸ਼ਰਧਾਲੂਆਂ ਦੀ ਕੀਤੀ ਗਈ ਚੋਣ
ਯਾਤਰਾ ਲਈ ਕੰਪਿਊਟਰਾਈਜ਼ਡ ਡਰਾਅ ਰਾਹੀਂ ਬੁੱਧਵਾਰ ਨੂੰ ਕੁੱਲ 750 ਸ਼ਰਧਾਲੂਆਂ ਦੀ ਚੋਣ ਕੀਤੀ ਗਈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਯਾਤਰਾ ਲਈ ਆਨਲਾਈਨ ਰਜਿਸਟਰਡ ਲੋਕਾਂ ਦੀ ਚੋਣ ਕਰਨ ਲਈ ਇਕ ਕੰਪਿਊਟਰਾਈਜ਼ਡ ਡਰਾਅ ਕੱਢਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਰਧਾਲੂਆਂ ਦੀ ਚੋਣ ਇਕ "ਨਿਰਪੱਖ, ਕੰਪਿਊਟਰ-ਅਧਾਰਤ, ਲਿੰਗ ਰੂਪ ਨਾਲ ਸੰਤੁਲਿਤ" ਪ੍ਰਕਿਰਿਆ ਰਾਹੀਂ ਕੀਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ 5,561 ਲੋਕਾਂ ਨੇ ਯਾਤਰਾ ਲਈ ਆਲਾਈਨ ਰਜਿਸਟਰ ਕੀਤਾ ਸੀ, ਜਿਨ੍ਹਾਂ ਵਿਚ 4,024 ਪੁਰਸ਼ ਅਤੇ 1,537 ਮਹਿਲਾ ਬਿਨੈਕਾਰ ਸ਼ਾਮਲ ਸਨ। ਮੰਤਰਾਲੇ ਦੇ ਅਨੁਸਾਰ ਕੁੱਲ 750 ਸ਼ਰਧਾਲੂਆਂ ਦੀ ਚੋਣ ਕੀਤੀ ਗਈ ਸੀ।