ਮਮਤਾ ਅਤੇ ਡਾਕਟਰਾਂ ਵਿਚਾਲੇ ਬੈਠਕ ਬੇਨਤੀਜਾ, ਕੁਝ ਮੰਗਾਂ ’ਤੇ ਨਹੀਂ ਬਣੀ ਸਹਿਮਤੀ

Monday, Sep 16, 2024 - 10:47 PM (IST)

ਕੋਲਕਾਤਾ- ਕੋਲਕਾਤਾ ’ਚ ਜੂਨੀਅਰ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਅਤੇ ਪੱਛਮੀ ਬੰਗਾਲ ਸਰਕਾਰ ਵਿਚਾਲੇ ਹੋਈ ਬੈਠਕ ਕਾਲੀਘਾਟ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਿਵਾਸ ’ਤੇ ਖਤਮ ਹੋ ਗਈ ਹੈ ਪਰ ਸੂਤਰਾਂ ਅਨੁਸਾਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਬੈਠਕ ਖਤਮ ਹੋਣ ਤੋਂ ਤੁਰੰਤ ਬਾਅਦ ਮਮਤਾ ਬੈਨਰਜੀ ਬਾਹਰ ਨਿਕਲੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਸੂਤਰਾਂ ਅਨੁਸਾਰ ਡਾਕਟਰਾਂ ਦੀਆਂ ਕੁਝ ਮੰਗਾਂ ਨੂੰ ਮਮਤਾ ਨੇ ਨਹੀਂ ਮੰਨਿਆ। ਹੁਣ ਇਹ ਮੰਗਾਂ ਕਿਹੜੀਆਂ ਸਨ, ਅਜੇ ਇਸ ਦਾ ਵੇਰਵਾ ਨਹੀਂ ਮਿਲਿਆ ਹੈ।

ਮਾਮਲਾ ਸੁਲਝਾਉਣ ਲਈ ਗੱਲਬਾਤ ਸ਼ੁਰੂ ਕਰਨ ਦੀਆਂ 4 ਕੋਸ਼ਿਸ਼ਾਂ ਫੇਲ ਹੋਣ ਤੋਂ ਬਾਅਦ ਜੂਨੀਅਰ ਡਾਕਟਰਾਂ ਦਾ ਇਕ ਵਫਦ ਸੀ. ਐੱਮ. ਬੈਨਰਜੀ ਦੇ ਨਿਵਾਸ ’ਤੇ ਮਹੱਤਵਪੂਰਨ ਬੈਠਕ ਲਈ ਅੱਜ ਪਹੁੰਚਿਆ ਸੀ। ਇਸ ਤੋਂ ਪਹਿਲਾਂ ਬੈਠਕ ਦੀ ‘ਲਾਈਵ ਸਟ੍ਰੀਮਿੰਗ’ ਅਤੇ ‘ਵੀਡੀਓ ਰਿਕਾਰਡਿੰਗ’ ਦੀ ਜੂਨੀਅਰ ਡਾਕਟਰਾਂ ਦੀ ਮੰਗ ਨੂੰ ਸੂਬਾ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗੱਲਬਾਤ ਦੀਆਂ ਪਿਛਲੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ ਸਨ।

ਹਾਲਾਂਕਿ, ਬਾਅਦ ’ਚ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਆਪਣੀ ਇਸ ਮੰਗ ’ਚ ਥੋੜ੍ਹੀ ਨਰਮੀ ਲਿਆਉਂਦੇ ਹੋਏ ਹੁਣ ਸਿਰਫ ਬੈਠਕ ਦੇ ਵੇਰਵੇ ਨੂੰ ਦਰਜ ਕਰਨ ਅਤੇ ਇਸ ਦੀ ਇਕ ਦਸਖ਼ਤੀ ਕਾਪੀ ਦਿੱਤੇ ਜਾਣ ’ਤੇ ਸਹਿਮਤੀ ਪ੍ਰਗਟਾਈ ਸੀ। ਪੱਛਮੀ ਬੰਗਾਲ ਸਰਕਾਰ ਨੇ ਇਸ ਸ਼ਰਤ ਨੂੰ ਤੁਰੰਤ ਸਵੀਕਾਰ ਕਰ ਲਿਆ ਸੀ।

2 ਪੇਸ਼ੇਵਰ ਸਟੈਨੋਗ੍ਰਾਫਰ ਵੀ ਸਨ ਨਾਲ

ਇਸ ਦੌਰਾਨ ਸਿਹਤ ਵਿਭਾਗ ਦੇ ਹੈੱਡਕੁਆਰਟਰ ‘ਸਵਾਸਥ ਭਵਨ’ ਦੇ ਬਾਹਰ ਆਪਣੇ ਧਰਨੇ ਵਾਲੀ ਥਾਂ ਤੋਂ ਬੈਠਕ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਸੀ ਕਿ ਬੈਠਕ ਦਾ ਵੇਰਵਾ ਰਿਕਾਰਡ ਕਰਨ ਲਈ ਉਨ੍ਹਾਂ ਨਾਲ 2 ਪੇਸ਼ੇਵਰ ਸਟੈਨੋਗ੍ਰਾਫਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ 5 ਮੰਗਾਂ ਤੋਂ ਘੱਟ ’ਤੇ ਨਹੀਂ ਮੰਨਣਗੇ, ਜੋ ਉਹ ਪਹਿਲਾਂ ਹੀ ਸਰਕਾਰ ਦੇ ਸਾਹਮਣੇ ਰੱਖ ਚੁੱਕੇ ਹਨ।


Rakesh

Content Editor

Related News