ਪੱਤਰਕਾਰ ਵਿਨੋਦ ਵਰਮਾ ਨੂੰ ਮਿਲੀ ਜ਼ਮਾਨਤ

Thursday, Dec 28, 2017 - 05:32 PM (IST)

ਪੱਤਰਕਾਰ ਵਿਨੋਦ ਵਰਮਾ ਨੂੰ ਮਿਲੀ ਜ਼ਮਾਨਤ

ਰਾਏਪੁਰ— ਛੱਤੀਸਗੜ੍ਹ ਦੇ ਮੰਤਰੀ ਰਾਜੇਸ਼ ਮੂਣਤ ਦੀ ਕਥਿਤ ਸੈਕਸ ਸੀ.ਡੀ. ਮਾਮਲੇ 'ਚ ਪੱਤਰਕਾਰ ਵਿਨੋਦ ਵਰਮਾ ਨੂੰ ਰਾਏਪੁਰ ਦੀ ਵਿਸ਼ੇਸ਼ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। 2 ਮਹੀਨੇ ਤੱਕ ਜੇਲ 'ਚ ਬੰਦ ਰਹਿਣ ਤੋਂ ਬਾਅਦ ਵੀਰਵਾਰ ਨੂੰ ਰਾਏਪੁਰ ਦੀ ਸੀ.ਬੀ.ਆਈ. ਕੋਰਟ 'ਚ ਸੁਣਵਾਈ ਹੋਈ, ਜਿਸ ਤੋਂ ਬਾਅਦ ਆਖਰਕਾਰ ਵਰਮਾ ਨੂੰ ਰਾਹਤ ਮਿਲ ਗਈ। ਜ਼ਿਕਰਯੋਗ ਹੈ ਕਿ ਯੂ.ਪੀ. ਦੇ ਗਾਜ਼ੀਆਬਾਦ ਤੋਂ ਵਿਨੋਦ ਵਰਮਾ ਦੀ ਗ੍ਰਿਫਤਾਰੀ ਬੀਤੀ 27 ਅਕਤੂਬਰ ਨੂੰ ਕੀਤੀ ਗਈ ਸੀ। ਵਿਨੋਦ ਵਰਮਾ 'ਤੇ ਅਸ਼ਲੀਲ ਸੀ.ਡੀ. ਦੇ ਨਾਂ 'ਤੇ ਬਲੈਕਮੇਲਿੰਗ ਅਤੇ ਜ਼ਬਰਨ ਵਸੂਲੀ ਦਾ ਦੋਸ਼ ਹੈ। ਗ੍ਰਿਫਤਾਰੀ ਦੇ 60 ਦਿਨਾਂ ਦੇ ਅੰਦਰ ਚਾਲਾਨ ਨਾ ਪੇਸ਼ ਕਰਨ ਕਾਰਨ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ ਹੈ। ਵਿਨੋਦ ਵਰਮਾ ਦੇ ਵਕੀਲ ਫੈਜ਼ਲ ਰਿਜਵੀ ਨੇ ਜ਼ਮਾਨਤ ਮਿਲਣ ਦੀ ਪੁਸ਼ਟੀ ਕੀਤੀ ਹੈ। ਇਕ ਲੱਖ ਦੇ ਨਿੱਜੀ ਮੁਚਲਕੇ ਅਤੇ ਇਕ ਲੱਖ ਰੁਪਏ ਦੇ ਬਾਂਡ 'ਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋਈ ਹੈ। ਜੇਲ 'ਚ ਉਨ੍ਹਾਂ ਤੋਂ ਛੱਤੀਸਗੜ੍ਹ ਕਾਂਗਰਸ ਦੇ ਪ੍ਰਧਾਨ ਭੂਪੇਸ਼ ਬਘੇਲ ਅਤੇ ਨੇਤਾ ਵਿਰੋਧੀ ਧਿਰ ਟੀ.ਐੱਸ. ਸਿੰਘਦੇਵ ਨੇ ਵੀ ਮੁਲਾਕਾਤ ਕੀਤੀ ਸੀ। ਵਿਨੋਦ ਵਰਮਾ ਦੇ ਵਕੀਲਾਂ ਵੱਲੋਂ ਸੈਸ਼ਨ ਕੋਰਟ 'ਚ ਪਹਿਲਾਂ ਵੀ ਜ਼ਮਾਨਤ ਪਟੀਸ਼ਨ ਲਗਾਈ ਗਈ ਸੀ ਪਰ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਈ ਕੋਰਟ 'ਚ ਵੀ ਪਟੀਸ਼ਨ ਲਗਾਈ ਗਈ ਸੀ।
ਇਸ ਮਾਮਲੇ 'ਚ ਪ੍ਰਕਾਸ਼ ਬਜਾਜ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਖੁਦ ਨੂੰ ਵਿਨੋਦ ਵਰਮਾ ਦੱਸਣ ਵਾਲੇ ਇਕ ਸ਼ਖਸ ਨੇ ਉਸ ਨੂੰ ਫੋਨ 'ਤੇ ਧਮਕੀ ਦਿੱਤੀ ਅਤੇ ਕਿਸੇ ਅਸ਼ਲੀਲ ਸੀ.ਡੀ. ਦਾ ਹਵਾਲਾ ਦੇ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ। ਫੋਨ ਕਰਨ ਵਾਲੇ ਸ਼ਖਸ ਨੇ ਉਸ ਨੂੰ ਕਿਹਾ ਕਿ ਉਸ ਕੋਲੋ ਉਸ ਦੇ 'ਆਕਾ' ਦੀ ਸੀ.ਡੀ. ਹੈ ਅਤੇ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਉਸ ਸੀ.ਡੀ. ਨੂੰ ਵੰਡ ਦੇਵੇਗਾ। ਇਸ ਤੋਂ ਬਾਅਦ ਵਰਮਾ 'ਤੇ ਆਈ.ਪੀ.ਸੀ. ਦੀ ਧਾਰਾ 384, 506 ਅਤੇ ਆਈ.ਟੀ. ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ 27 ਅਕਤੂਬਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਨੋਦ ਵਰਮਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਛੱਤੀਸਗੜ੍ਹ ਸਰਕਾਰ 'ਚ ਮੰਤਰੀ ਰਾਜੇਸ਼ ਮੂਣਤ ਦੀ ਸੈਕਸ ਸੀ.ਡੀ. ਹੈ, ਇਸ ਲਈ ਸਰਕਾਰ ਉਨ੍ਹਾਂ ਨੂੰ ਫਸਾ ਰਹੀ ਹੈ। ਉੱਥੇ ਹੀ ਮੂਣਤ ਨੇ ਵਿਨੋਦ ਵਰਮਾ ਦੇ ਦਾਅਵਿਆਂ ਨੂੰ ਖਾਰਜ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸੀ.ਡੀ. ਪੂਰੀ ਤਰ੍ਹਾਂ ਫਰਜ਼ੀ ਹੈ।


Related News