ਮੀਟਿੰਗ ਮਗਰੋਂ ਮੋਦੀ-ਬਾਈਡੇਨ ਦਾ ਸਾਂਝਾ ਬਿਆਨ, ਕਈ ਅਹਿਮ ਮੁੱਦਿਆਂ ''ਤੇ ਸਹਿਯੋਗ ਦਾ ਵਾਅਦਾ
Friday, Jun 23, 2023 - 05:24 AM (IST)

ਵਾਸ਼ਿੰਗਟਨ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਖੜ੍ਹੇ ਹੋ ਕੇ ਕਿਹਾ, ‘‘ਭਾਰਤ ਅਤੇ ਅਮਰੀਕਾ ਦੋਵਾਂ ਦੇ ਡੀ. ਐੱਨ. ਏ. ’ਚ ਲੋਕਤੰਤਰ ਹੈ। ਲੋਕਤੰਤਰ ਸਾਡੀਆਂ ਰਗਾਂ ’ਚ ਹੈ। ਲੋਕਤੰਤਰ ਨੂੰ ਅਸੀਂ ਜਿੱਤੇ ਹਾਂ। ਸਾਡੇ ਪੂਰਵਜਾਂ ਨੇ ਇਸ ਨੂੰ ਸੰਵਿਧਾਨ ਦੇ ਰੂਪ ’ਚ ਸ਼ਬਦਾਂ ’ਚ ਢਾਲਿਆ ਹੈ। ਜਦੋਂ ਅਸੀਂ ਲੋਕਤੰਤਰ ਨੂੰ ਜਿੱਤੇ ਹਾਂ, ਫਿਰ ਭੇਦਭਾਵ ਦੀ ਗੱਲ ਹੀ ਨਹੀਂ ਆਉਂਦੀ। ਸਾਡੀ ਸਰਕਾਰ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪ੍ਰਯਾਸ’ ਦੇ ਸਿੱਧਾਂਤ ’ਤੇ ਚੱਲਦੀ ਹੈ। ਭਾਰਤ ਦੇ ਲੋਕਤੰਤਰਿਕ ਕਦਰਾਂ-ਕੀਮਤਾਂ ’ਚ ਕੋਈ ਭੇਦਭਾਵ ਨਹੀਂ ਹੈ। ਸਰਕਾਰ ਦੀਆਂ ਯੋਜਨਾਵਾਂ ਸਾਰਿਆਂ ਲਈ ਹਨ ਅਤੇ ਇਸ ’ਚ ਜਾਤ, ਪੰਥ, ਧਰਮ ਆਦਿ ਨੂੰ ਲੈ ਕੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੁੰਦਾ ਹੈ।’’
ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਬਾਈਡੇਨ ਨਾਲ ਗੱਲਬਾਤ ਤੋਂ ਬਾਅਦ ਸਾਂਝੇ ਪ੍ਰੈੱਸ ਵਾਰਤਾ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਦਾ ਦਿਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੇ ਇਤਿਹਾਸ ’ਚ ਇਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਅੱਜ ਦੀ ਸਾਡੀ ਚਰਚਾ ਅਤੇ ਮਹੱਤਵਪੂਰਣ ਫੈਸਲਿਆਂ ਨਾਲ ਸਾਡੇ ਸਮੁੱਚੇ ਗਲੋਬਲ ਰਣਨੀਤਕ ਗਠਜੋਡ਼ ’ਚ ਇਕ ਨਵਾਂ ਅਧਿਆਏ ਜੁੜਿਆ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਗਠਜੋਡ਼ ਦੀਆਂ ਬੇਹੱਦ ਸੰਭਾਵਨਾਵਾਂ ਹਨ। ਸਾਡੇ ਸਬੰਧਾਂ ਦਾ ਸਭ ਤੋਂ ਅਹਿਮ ਥੰਮ੍ਹ ਲੋਕਾਂ ਵਿਚ ਸੰਪਰਕ ਹੈ। 40 ਲੱਖ ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕਾਂ ਨੇ ਅਮਰੀਕਾ ਦੇ ਵਿਕਾਸ ’ਚ ਯੋਗਦਾਨ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - Cage Fight 'ਚ ਆਹਮੋ-ਸਾਹਮਣੇ ਹੋਣਗੇ ਮਾਰਕ ਜ਼ੁਕਰਬਰਗ ਤੇ ਐਲਨ ਮਸਕ! ਇਸ ਜਗ੍ਹਾ ਹੋਵੇਗਾ Match
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਅਤੇ ਕੱਟੜਵਾਦ ਦੇ ਖਿਲਾਫ ਲੜਾਈ ’ਚ ਭਾਰਤ ਅਤੇ ਅਮਰੀਕਾ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ। ਅਸੀਂ ਸਹਿਮਤ ਹਾਂ ਕਿ ਸਰਹਦ ਪਾਰ ਅੱਤਵਾਦ ਨੂੰ ਖ਼ਤਮ ਕਰਨ ਲਈ ਠੋਸ ਕਾਰਵਾਈ ਜ਼ਰੂਰੀ ਹੈ। ਭਾਰਤ ਦੇ ਅਰਟੇਮਿਸ ਸੰਧੀ ’ਚ ਸ਼ਾਮਲ ਹੋਣ ਦਾ ਫੈਸਲੇ ਦੇ ਐਲਾਨ ਬਾਰੇ ਮੋਦੀ ਨੇ ਕਿਹਾ ਕਿ ਅਸੀਂ ਪੁਲਾੜ ਸਹਿਯੋਗ ’ਚ ਨਵਾਂ ਕਦਮ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਰਾਸ਼ਟਰਪਤੀ ਬਾਈਡੇਨ ਦੇ ਨਾਲ ਕਈ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਦਾ ਵਪਾਰ ਅਤੇ ਨਿਵੇਸ਼ ਭਾਈਵਾਲੀ, ਦੋਵਾਂ ਦੇਸ਼ਾਂ ਲਈ ਹੀ ਨਹੀਂ, ਸਗੋਂ ਕੌਮਾਂਤਰੀ ਅਰਥਵਿਵਸਥਾ ਲਈ ਵੀ ਮਹੱਤਵਪੂਰਣ ਹੈ ਅਤੇ ਅੱਜ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਸਹਿਯੋਗੀ ਹੈ। ਮੋਦੀ ਨੇ ਕਿਹਾ ਕਿ ਭਾਰਤ ਜੀ-20 ਦਾ ਇਕੋ-ਇਕ ਦੇਸ਼ ਹੈ, ਜਿਸ ਨੇ ਜਲਵਾਯੂ ਤਬਦੀਲੀ ’ਤੇ ਪੈਰਿਸ ’ਚ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਭਾਰਤ ਨਾ ਸਿਰਫ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗਾ, ਸਗੋਂ ਦੂਸਰਿਆਂ ਦੀ ਵੀ ਮਦਦ ਕਰੇਗਾ। ਪ੍ਰਧਾਨ ਮੰਤਰੀ 2015 ਦੇ ਪੈਰਿਸ ਸਮਝੌਤੇ ਦੇ ਤਹਿਤ ਜ਼ਿੰਮੇਵਾਰੀਆਂ ਦਾ ਜ਼ਿਕਰ ਰਹੇ ਸਨ।
ਮੋਦੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਇਕ ਗ੍ਰੀਨ ਹਾਈਡਰੋਜਨ ਕੇਂਦਰ ਬਣੇ ਅਤੇ ਅਸੀਂ ਇਸ ਦਿਸ਼ਾ ’ਚ ਕੰਮ ਕਰ ਰਹੇ ਹਾਂ। ਇੰਟਰਨੈਸ਼ਨਲ ਸੋਲਰ ਅਲਾਇੰਸ ਭਾਰਤ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਕਈ ਦੇਸ਼ ਇਸ ’ਚ ਸ਼ਾਮਲ ਹੋ ਗਏ ਹਨ ਅਤੇ ਭਾਰਤ ਦੇ ਨਾਲ ਕੰਮ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - 2 ਘੰਟੇ ਤੋਂ ਵੱਧ ਚੱਲੀ ਮੋਦੀ-ਬਾਈਡੇਨ ਦੀ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਭਾਰਤੀ ਕੰਪਨੀਆਂ ਅਮਰੀਕਾ ’ਚ ਕਰਨਗੀਆਂ 2 ਬਿਲੀਅਨ ਡਾਲਰ ਦੇ ਨਵੇਂ ਨਿਵੇਸ਼ : ਬਾਈਡੇਨ
ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕਾ ਅਤੇ ਭਾਰਤ ਵਿਚਾਲੇ ਮਜ਼ਬੂਤ ਵਪਾਰ ਸਬੰਧਾਂ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਪਿਛਲੇ ਦਹਾਕੇ ’ਚ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧ ਲਗਭਗ ਦੁੱਗਣਾ ਹੋ ਗਿਆ ਹੈ। ਬਾਈਡੇਨ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ’ਚ ਏਅਰ ਇੰਡੀਆ ਵੱਲੋਂ 200 ਤੋਂ ਵੱਧ ਅਮਰੀਕਾ ’ਚ ਬਣੇ ਬੋਇੰਗ ਜਹਾਜ਼ਾਂ ਦੀ ਖਰੀਦ ਨਾਲ 44 ਸੂਬਿਆਂ ’ਚ ਫੈਲੇ 10 ਲੱਖ ਅਮਰੀਕੀਆਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਦੀ ਅਮਰੀਕਾ ਦੀ ਇਸ ਸਰਕਾਰੀ ਯਾਤਰਾ ਨਾਲ ਭਾਰਤੀ ਕੰਪਨੀਆਂ ਕੋਲੋਰਾਡੋ ’ਚ ਸੂਰਜੀ ਊਰਜਾ, ਓਹੀਓ ’ਚ ਸਟੀਲ ਅਤੇ ਦੱਖਣੀ ਕੈਰੋਲੀਨਾ ’ਚ ਆਪਟਿਕਲ ਫਾਈਬਰ ਦੇ ਨਿਰਮਾਣ ’ਚ 2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਨਵੇਂ ਨਿਵੇਸ਼ ਦੀ ਐਲਾਨ ਕਰ ਰਹੀਆਂ ਹਨ।
ਬਾਈਡੇਨ ਨੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਦਾ ਵੀ ਜ਼ਿਕਰ ਕੀਤਾ ਜਿਵੇਂ ਮੈਡੀਰਲ ਖੋਜ, ਮਨੁੱਖੀ ਪੁਲਾੜ ਉਡਾਣ, ਸਵੱਛ ਊਰਜਾ ਤਬਦੀਲੀ, ਜਲਵਾਯੂ ਤਬਦੀਲੀ ਦਾ ਮੁਕਾਬਲਾ, ਕਵਾਂਟਮ ਕੰਪਿਊਟਿੰਗ ਅਤੇ ਬਣਾਉਟੀ ਬੁੱਧੀ (ਏ. ਆਈ) ਵਰਗੀਆਂ ਮਹੱਤਵਪੂਰਣ ਅਤੇ ਉੱਭਰਦੀਆਂ ਤਕਨੀਕਾਂ ’ਚ ਸਾਂਝੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਮੇਵਾਰ ਵਰਤੋਂ ਨੂੰ ਯਕੀਨੀ ਬਣਾਉਣਾ। ਬਾਈਡੇਨ ਨੇ ਕਿਹਾ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੀ. ਐੱਮ. ਮੋਦੀ ਦੀ ਇਹ ਯਾਤਰਾ ਇਸ ਗੱਲ ਦੀ ਉਦਾਹਰਣ ਹੈ ਕਿ ਅਮਰੀਕਾ ਅਤੇ ਭਾਰਤ ਕੌਮਾਂਤਰੀ ਵਿਕਾਸ ਨੂੰ ਅੱਗੇ ਵਧਾਉਣ ਲਈ ਕਿਵੇਂ ਸਹਿਯੋਗ ਕਰਦੇ ਹਨ।
ਭਾਰਤ ’ਚ ਹੋਵੇਗਾ ਲੜਾਕੂ ਜਹਾਜ਼ ਤੇਜਸ ਦੇ ਇੰਜਨ ਦਾ ਉਤਪਾਦਨ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਭੇਜੇਗਾ ‘ਮਨੁੱਖੀ’ ਮਿਸ਼ਨ, ‘ਰੀਪਰ’ ਹਥਿਆਰਬੰਦ ਡ੍ਰੋਨ ਖਰੀਦੇਗਾ
ਇਕ ਮਹੱਤਵਪੂਰਣ ਸਮਝੌਤੇ ’ਚ ਅਮਰੀਕੀ ਕੰਪਨੀ ਜੀ. ਈ. ਏਅਰੋਸਪੇਸ ਨੇ ਭਾਰਤੀ ਹਵਾਈ ਫੌਜ ਦੇ ਹਲਕੇ ਲੜਾਕੂ ਜਹਾਜ਼ (ਐੱਲ. ਸੀ. ਏ.)-ਐੱਮ. ਕੇ.-2 ਤੇਜਸ ਦੇ ਜੈੱਟ ਇੰਜਨ ਦੇ ਸਾਂਝੇ ਉਤਪਾਦਨ ਲਈ ਵੀਰਵਾਰ ਨੂੰ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨਾਲ ਸਮਝੌਤਾ ਕੀਤਾ।
ਅਮਰੀਕੀ ਕੰਪਨੀ ਜੀ. ਈ. ਏਅਰੋਸਪੇਸ ਨੇ ਆਪਣੇ ਬਿਆਨ ’ਚ ਕਿਹਾ, ‘‘ਇਸ ਸਮਝੌਤੇ ’ਚ ਜੀ. ਈ. ਏਅਰੋਸਪੇਸ ਦੇ ਐੱਫ-414 ਇੰਜਨ ਦੇ ਭਾਰਤ ’ਚ ਸਾਂਝੇ ਉਤਪਾਦਨ ਦੀ ਸੰਭਾਵਨਾ ਸ਼ਾਮਲ ਹੈ ਅਤੇ ਜੀ. ਈ. ਏਅਰੋਸਪੇਸ ਅਮਰੀਕੀ ਸਰਕਾਰ ਦੇ ਨਾਲ ਇਸ ਉਦੇਸ਼ ਲਈ ਜ਼ਰੂਰੀ ਬਰਾਮਦ ਅਧਿਕਾਰ ਪ੍ਰਾਪਤ ਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ।’’ ਐੱਚ. ਏ. ਐੱਲ. ਭਾਰਤੀ ਹਵਾਈ ਫੌਜ ਲਈ 83 ਹਲਕੇ ਲੜਾਕੂ ਜਹਾਜ਼ ਤਿਆਰ ਕਰਨ ਲਈ ਜੀ. ਈ. 404 ਇੰਜਨ ਦੀ ਵਰਤੋਂ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਵਿਰੋਧੀ ਧਿਰ ਦੀ ਏਕਤਾ ਲਈ ਪਟਨਾ ਪਹੁੰਚੇ CM ਮਾਨ ਤੇ ਕੇਜਰੀਵਾਲ, ਤਖ਼ਤ ਸ੍ਰੀ ਹਰਿਮੰਦਰ ਜੀ ਵਿਖੇ ਵੀ ਹੋਏ ਨਤਮਸਤਕ
ਭਾਰਤ ਨੇ ਅਰਟੇਮਿਸ ਸੰਧੀ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 2024 ’ਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਲਈ ਇਕ ਸਾਂਝਾ ਮਿਸ਼ਨ ਭੇਜਣ ’ਤੇ ਸਹਿਮਤ ਹੋਏ ਹਨ। ਅਰਟੇਮਿਸ ਸੰਧੀ ਸਿਵਲ ਸਪੇਸ ਐਕਸਪਲੋਰੇਸ਼ਨ ’ਤੇ ਬਰਾਬਰ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਇਕ ਮੰਚ ’ਤੇ ਲਿਆਉਂਦੀ ਹੈ। ਨਾਸਾ ਅਤੇ ਇਸਰੋ ਇਸ ਸਾਲ ਮਨੁੱਖੀ ਪੁਲਾੜ ਉਡਾਣ ਲਈ ਇਕ ਰਣਨੀਤਿਕ ‘ਫਰੇਮਵਰਕ’ ਤਿਆਰ ਕਰ ਰਹੇ ਹਨ। ਇਸ ਤੋਂ ਇਲਾਵਾ ਨਾਸਾ ਅਤੇ ਇਸਰੋ 2024 ’ਚ ਆਈ. ਐੱਸ. ਐੱਸ. ਲਈ ਇਕ ਸਾਂਝੇ ਮਿਸ਼ਨ ’ਤੇ ਵੀ ਸਹਿਮਤ ਹੋਏ ਹਨ।
ਇਸ ਦੇ ਨਾਲ ਹੀ, ਭਾਰਤ ਜਨਰਲ ਐਟਮਿਕਸ ਦਾ ਐੱਮ. ਕਿਊ.- 9 ‘ਰੀਪਰ’ ਸ਼ਸਤਰਬੰਦ ਡ੍ਰੋਨ ਦੀ ਖ੍ਰੀਦੇਗਾ। ‘ਰੀਪਰ’ 500 ਫ਼ੀਸਦੀ ਜ਼ਿਆਦਾ ਪੇਲੋਡ ਚੁੱਕ ਸਕਦਾ ਹੈ ਅਤੇ ਇਹ ਪਹਿਲਾਂ ਦੇ ਐੱਮ. ਕਿਊ.-1 ਪ੍ਰੀਡੇਟਰ ਦੇ ਮੁਕਾਬਲੇ 9 ਗੁਣਾ ਹਾਰਸਪਾਵਰ ਦੀ ਸਮਰੱਥਾ ਵਾਲਾ ਹੈ। ਇਸ ਨਾਲ ਨਾ ਸਿਰਫ ਹਿੰਦ ਮਹਾਸਾਗਰ ’ਚ ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਨਿਗਰਾਨੀ ਦੀ ਸਮਰੱਥਾ ’ਚ ਵਾਧਾ ਹੋਵੇਗਾ, ਸਗੋਂ ਚੀਨ ਨਾਲ ਲੱਗਦੀ ਸਰਹੱਦ ’ਤੇ ਵੀ ਇਹ ਕਾਰਗਰ ਸਾਬਤ ਹੋਵੇਗਾ।
ਵ੍ਹਾਈਟ ਹਾਊਸ ਪੁੱਜਣ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸਰਕਾਰੀ ਸਨਮਾਨ
ਵ੍ਹਾਈਟ ਹਾਊਸ ਪੁੱਜਣ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਰਕਾਰੀ ਸਨਮਾਨ ਦਿੱਤਾ ਗਿਆ ਅਤੇ ਰਾਸ਼ਟਰਪਤੀ ਬਾਈਡੇਨ ਅਤੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡੇਨ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਇਕ-ਦੂਜੇ ਨੂੰ ਗਰਮਜੋਸ਼ੀ ਨਾਲ ਗਲੇ ਲਾਇਆ। ਦੋਵਾਂ ਨੇਤਾਵਾਂ ਨੇ ਭਾਰਤ-ਅਮਰੀਕਾ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਸ਼ਾਂਤੀ ਤੇ ਖੁਸ਼ਹਾਲੀ ਅਤੇ ਕੌਮਾਂਤਰੀ ਭਲਾਈ ਲਈ ਉਨ੍ਹਾਂ ਨੂੰ ਹੋਰ ਗੂੜ੍ਹਾ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਵ੍ਹਾਈਟ ਹਾਊਸ ’ਚ ਭਾਰਤੀ ਅਮਰੀਕੀ ਭਾਈਚਾਰੇ ਦੇ ਹਜ਼ਾਰਾਂ ਮੈਂਬਰਾਂ ਨੇ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।