USA ਦੀ ਤਰ੍ਹਾਂ ਜੋਧਪੁਰ ਦੇ ਵੀ ਪੁਲਸ ਮੁਲਾਜ਼ਮਾਂ ਨੇ ਦਿਖਾਈ ਬੇਰਹਿਮੀ
Friday, Jun 05, 2020 - 04:16 PM (IST)
ਜੋਧਪੁਰ— ਰਾਜਸਥਾਨ ਦੇ ਜੋਧਪੁਰ 'ਚ ਵੀ ਅਮਰੀਕਾ 'ਚ ਇਕ ਸ਼ਖਸ ਨਾਲ ਹੋਈ ਬੇਰਹਿਮੀ ਵਰਗਾ ਮਾਮਲਾ ਦੇਖਣ ਨੂੰ ਮਿਲਿਆ ਹੈ। ਜੋਧਪੁਰ 'ਚ ਵੀ ਕੁਝ ਪੁਲਸ ਵਾਲਿਆਂ ਨੇ ਇਕ ਵਿਅਕਤੀ ਨੂੰ ਕਾਬੂ ਕਰਨ ਲਈ ਉਸ ਦੀ ਗਰਦਨ ਨੂੰ ਗੋਡਿਆਂ ਨਾਲ ਦਬਾਈ ਰੱਖਿਆ। ਯੂ. ਐੱਸ. 'ਚ ਇਸ ਤਰ੍ਹਾਂ ਇਕ ਪੁਲਸ ਵਾਲੇ ਨੇ ਗੈਰ ਗੋਰੇ ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਗਰਦਨ ਨੂੰ ਗੋਡਿਆਂ ਨਾਲ ਦਬਾਈ ਰੱਖਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਸਫਾਈ ਦਿੰਦੇ ਕਿਹਾ ਕਿ ਮਾਸਕ ਲਈ ਟੋਕਣ 'ਤੇ ਵਿਅਕਤੀ ਨੇ ਪੁਲਸ ਵਾਲਿਆਂ 'ਤੇ ਹਮਲਾ ਕੀਤਾ ਸੀ। ਇਹ ਮਾਮਲਾ ਜੋਧਪੁਰ ਦੇ ਦੇਵਨਗਰ ਥਾਣਾ ਅਧੀਨ ਪੈਂਦੇ ਖੇਤਰ ਦਾ ਦੱਸਿਆ ਜਾ ਰਿਹਾ ਹੈ। ਪੁਲਸ ਮੁਲਾਜ਼ਮ ਇੱਥੇ ਬਿਨਾਂ ਮਾਸਕ ਵਾਲੇ ਲੋਕਾਂ ਦਾ ਚਾਲਾਨ ਕੱਟ ਰਹੇ ਸੀ।
ਇਸ ਵੀਡੀਓ ਨੂੰ ਲੈ ਕੇ ਜੋ ਜਾਣਕਾਰੀ ਮੀਡੀਆ ਰਿਪੋਰਟਾਂ 'ਚ ਦੱਸੀ ਜਾ ਰਹੀ ਹੈ ਉਸ ਮੁਤਾਬਕ, ਪੁਲਸ ਵਾਲਿਆਂ ਨੇ ਜਦੋਂ ਇਸ ਵਿਅਕਤੀ ਨੂੰ ਮਾਸਕ ਪਾਉਣ ਲਈ ਕਿਹਾ ਤਾਂ ਉਹ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਿਆ ਅਤੇ ਹੱਥੋਂਪਾਈ ਤੱਕ ਕੀਤੀ। ਫਿਲਹਾਲ ਇਸ ਦੀ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਵਾਇਰਲ ਵੀਡੀਓ ਤੋਂ ਬਾਅਦ ਪੁਲਸ ਦੀ ਕਿਰਕਿਰੀ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਮਾਸਕ ਨਾ ਪਾਉਣ 'ਤੇ ਪੁਲਸ ਨੇ ਵਿਅਕਤੀ 'ਤੇ ਮਾਮਲਾ ਵੀ ਦਰਜ ਕੀਤਾ ਹੈ, ਜਦੋਂ ਕਿ ਵੀਡੀਓ 'ਚ ਪੁਲਸ ਵੱਲੋਂ ਕੀਤੀ ਗਈ ਕੁੱਟਮਾਰ ਸਪੱਸ਼ਟ ਨਜ਼ਰ ਆ ਰਹੀ ਹੈ। ਇਸ ਵੀਡੀਓ ਨਾਲ ਪੁਲਸ ਸਵਾਲਾਂ ਦੇ ਘੇਰੇ 'ਚ ਹੈ ਨਾਲ ਹੀ ਪੁਲਸ 'ਤੇ ਮਾਸਕ ਦੇ ਨਾਂ 'ਤੇ ਚਾਲਾਨ ਕੱਟਣ ਦੀ ਮਨਮਰਜ਼ੀ ਦੇ ਵੀ ਦੋਸ਼ ਲੱਗੇ ਹਨ।