ਪੁਲਸ ਨੇ ਨਸ਼ੀਲੇ ਪਦਾਰਥ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Friday, Dec 27, 2024 - 06:05 PM (IST)
ਜੈਪੁਰ- ਜੋਧਪੁਰ ਰੇਂਜ ਦੀ ਵਿਸ਼ੇਸ਼ ਪੁਲਸ ਟੀਮ ਨੇ ਜੈਸਲਮੇਰ ਜ਼ਿਲ੍ਹੇ ਤੋਂ ਤਿੰਨ ਨਸ਼ੀਲੇ ਪਦਾਰਥ ਤਸਕਰਾਂ ਨੂੰ ਫੜਿਆ ਹੈ। ਜੋਧਪੁਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਵਿਕਾਸ ਕੁਮਾਰ ਨੇ ਦੱਸਿਆ ਕਿ ਟੀਮ ਨੇ ਵਿਸ਼ੇਸ਼ ਕੋਸ਼ਿਸ਼ਾਂ ਨਾਲ ਵੀਰਵਾਰ ਨੂੰ ਜੈਸਲਮੇਰ ਦੇ ਭਣਿਆਣਾ ਇਲਾਕੇ 'ਚ ਇਕ ਫਾਰਮ ਹਾਊਸ ਤੋਂ ਜੱਸਾਰਾਮ, ਬਾਬੂਰਾਮ ਅਤੇ ਚੇਤਨਰਾਮ ਨੂੰ ਫੜਿਆ। ਉਨ੍ਹਾਂ ਦੱਸਿਆ ਕਿ ਜੱਸਾਰਾਮ 'ਤੇ 25 ਹਜ਼ਾਰ ਰੁਪਏ ਦਾ ਨਕਦ ਇਨਾਮ ਸੀ ਅਤੇ ਉਹ ਪਾਲੀ, ਚਿਤੌੜਗੜ੍ਹ ਅਤੇ ਬਾੜਮੇਰ ਜ਼ਿਲ੍ਹਿਆਂ 'ਚ ਲੋੜੀਂਦਾ ਸੀ, ਉੱਥੇ ਹੀ ਜੈਸਲਮੇਰ ਜ਼ਿਲ੍ਹਾ ਪੁਲਸ ਨੂੰ ਨਸ਼ੀਲੇ ਪਦਾਰਥ ਤਸਕਰੀ ਦੇ ਮਾਮਲੇ 'ਚ ਬਾਬੂਰਾਮ ਅਤੇ ਚੇਤਨਰਾਮ ਦੀ ਭਾਲ ਸੀ। ਕੁਮਾਰ ਨੇ ਦੱਸਿਆ ਕਿ ਜੱਸਾਰਾਮ ਇਕ ਹੋਰ ਨਸ਼ੀਲੇ ਪਦਾਰਥ ਤਸਕਰ ਖਰਤਾਰਾਮ ਦੇ ਸੰਪਰਕ 'ਚ ਆਇਆ ਅਤੇ ਅਫੀਮ ਤਸਕਰੀ 'ਚ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ ਕਿ ਖਰਤਾਰਾਮ ਨੇ 2021 'ਚ ਪਾਲੀ ਜ਼ਿਲ੍ਹੇ 'ਚ ਪੁਲਸ ਵਲੋਂ ਘੇਰ ਲਏ ਜਾਣ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ, ਇਸ ਤੋਂ ਬਾਅਦ ਜੱਸਾਰਾਮ ਨੇ ਆਜ਼ਾਦ ਰੂਪ ਨਾਲ ਤਸਕਰੀ ਨੂੰ ਅੰਜਾਮ ਦਿੱਤਾ ਅਤੇ ਆਪਣਾ ਨੈੱਟਵਰਕ ਫੈਲਾਇਆ।
ਕੁਮਾਰ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਤਸਕਰੀ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਦੇ ਅਧੀਨ ਪੁਲਸ ਦੀ ਵਿਸ਼ੇਸ਼ 'ਸਾਈਕਲੋਨਰ' ਟੀਮ ਨੇ ਚਿਤੌੜਗੜ੍ਹ ਜ਼ਿਲ੍ਹੇ ਦੇ ਨਿੰਬਾਹੇੜਾ 'ਚ ਜੱਸਾਰਾਮ ਦੇ ਟਿਕਾਣੇ 'ਤੇ ਛਾਪਾ ਮਾਰਿਆ ਪਰ ਉਹ ਦੌੜ ਨਿਕਲਿਆ। ਉਨ੍ਹਾਂ ਕਿਹਾ ਕਿ ਟੀਮ ਨੂੰ ਸੂਚਨਾ ਮਿਲੀ ਸੀ ਕਿ ਜੱਸਾਰਾਮ ਹਰ 2 ਮਹੀਨੇ 'ਚ ਪਾਰਟੀ ਕਰਨ ਗੋਆ ਜਾਂਦਾ ਹੈ, ਜਿਸ ਤੋਂ ਬਾਅਦ ਗੋਆ 'ਚ ਉਸ ਦੇ ਨੈੱਟਵਰਕ ਬਾਰੇ ਜਾਣਕਾਰੀ ਜੁਟਾਈ ਗਈ ਅਤੇ ਉਸ ਦੇ ਦੋਸਤ ਨਾਲ ਸੰਪਰਕ ਕੀਤਾ, ਜਿਸ ਨੇ ਦੱਸਿਆ ਕਿ ਜੱਸਾਰਾਮ ਭਣਿਆਣਾ ਖੇਤਰ 'ਚ ਇਕ ਫਾਰਮ ਹਾਊਸ 'ਤੇ ਬੈਠਕਾਂ ਕਰਦਾ ਹੈ। ਕੁਮਾਰ ਨੇ ਕਿਹਾ ਕਿ ਹਾਲਾਂਕਿ ਉਸ ਕੋਲ ਫਾਰਮ ਹਾਊਸ ਦਾ ਕੋਈ ਪਤਾ ਨਹੀਂ ਸੀ ਪਰ ਉਸ ਨੇ ਫਾਰਮ ਹਾਊਸ 'ਤੇ ਕੰਮ ਕਰਨ ਵਾਲੇ ਰਸੋਈਏ ਦੀ ਫੋਟੋ ਉਪਲੱਬਧ ਕਰਵਾਈ। ਪੁਲਸ ਦੇ ਇੰਸਪੈਕਟਰ ਜਨਰਲ ਨੇ ਕਿਹਾ ਕਿ ਟੀਮ ਦੇ ਮੈਂਬਰਾਂ ਨੇ ਜਾਇਦਾਦ ਖਰੀਦਾਰ ਦੇ ਭੇਸ 'ਚ ਫਾਰਮ ਹਾਊਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਅਧਿਕਾਰੀ ਨੇ ਕਿਹਾ ਕਿ ਕੱਲ੍ਹ ਟੀਮ ਨੂੰ ਬਜ਼ਾਰ 'ਚ ਉਹ ਰਸੋਈਆ ਦਿਖਾਈ ਦਿੱਤਾ, ਜਿਸ ਦਾ ਪਿੱਛਾ ਕਰਦੇ ਹੋਏ ਟੀਮ ਫਾਰਮ ਹਾਊਸ ਪਹੁੰਚੀ, ਜਿੱਥੇ ਦੋਸ਼ੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਛਾਣ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8