ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਘਰ ਵਿਚ ਵੜ ਕੇ ਜਬਰ-ਜ਼ਨਾਹ
Thursday, Aug 14, 2025 - 12:19 AM (IST)

ਨਵੀਂ ਦਿੱਲੀ- ਇੱਥੇ ਮੁੰਡਕਾ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਜਬਰ-ਜ਼ਨਾਹ ਕੀਤਾ ਗਿਆ। ਪੁਲਸ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 32 ਸਾਲਾ ਪੀੜਤਾ ਮੂਲ ਰੂਪ ਵਿਚ ਨੇਪਾਲ ਦੀ ਰਹਿਣ ਵਾਲੀ ਹੈ। ਉਸ ਦੇ 4 ਬੱਚੇ ਹਨ। ਕੁਝ ਸਮਾਂ ਪਹਿਲਾਂ ਹੀ ਉਹ ਆਪਣੇ ਪਤੀ ਤੋਂ ਵੱਖ ਹੋਈ ਹੈ। ਇਸ ਮਹੀਨੇ ਉਹ ਬੈਂਗਲੁਰੂ ਤੋਂ ਬੱਚਿਆਂ ਨੂੰ ਲੈ ਕੇ ਆਈ ਸੀ।
ਰੇਲਗੱਡੀ ਵਿਚ ਉਸ ਦੀ ਮੁਲਾਕਾਤ ਇਕ ਮਨਜੀਤ ਨਾਂ ਦੇ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਇਕ ਜਾਣ-ਪਛਾਣ ਵਾਲੇ ਦਾ ਫ਼ੋਨ ਨੰਬਰ ਦੇ ਦਿੱਤਾ। ਔਰਤ ਨੇ ਜਦੋਂ ਫ਼ੋਨ ’ਤੇ ਉਸ ਨਾਲ ਸੰਪਰਕ ਕੀਤਾ ਅਤੇ ਨੌਕਰੀ ਬਾਰੇ ਗੱਲ ਕੀਤੀ। ਉਸੇ ਵਿਅਕਤੀ ਨੇ ਔਰਤ ਲਈ ਮੁੰਡਕਾ ਵਿਚ ਇਕ ਕਿਰਾਏ ਦੇ ਘਰ ਦਾ ਵੀ ਪ੍ਰਬੰਧ ਕੀਤਾ ਅਤੇ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹੀ ਵਿਅਕਤੀ ਸ਼ਰਾਬ ਪੀ ਕੇ ਉਸ ਦੇ ਘਰ ਆਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।