ਸੋਪੋਰ ’ਚ ਅੱਤਵਾਦੀਆਂ ਦੇ 4 ਸਹਿਯੋਗੀ ਗ੍ਰਿਫਤਾਰ, ਅਵੰਤੀਪੋਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ

11/29/2022 11:57:02 AM

ਸ਼੍ਰੀਨਗਰ, (ਅਰੀਜ)– ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਕਸ਼ਮੀਰ ਵਾਦੀ ’ਚ ਅੱਤਵਾਦੀਆਂ ਦੇ ਬੁਨਿਆਦੀ ਢਾਂਚੇ ਵਿਰੁੱਧ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸੋਪੋਰ ਪੁਲਸ ਨੇ 22 ਆਰ. ਆਰ. ਨਾਲ ਮਿਲ ਕੇ ਉੱਤਰੀ ਕਸ਼ਮੀਰ ’ਚ ਸਰਗਰਮ ਇਕ ਅੱਤਵਾਦੀ ਸੰਗਠਨ ਅੰਸਾਰ ਗਜਵਤ ਉਲ ਹਿੰਦ ਦੇ 4 ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਕੇ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਹੈ।

ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕਬਜ਼ੇ ਤੋਂ ਇਤਰਾਜ਼ਯੋਗ ਸਮੱਗਰੀ ਅਤੇ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਸੰਗਠਨ ਨੂੰ ਜਿਥੇ ਵੱਡਾ ਝਟਕਾ ਲੱਗਾ ਹੈ, ਉਥੇ ਇਕ ਵੱਡਾ ਹਾਦਸਾ ਵੀ ਟਲ ਗਿਆ ਹੈ। ਇਸ ਤੋਂ ਇਲਾਵਾ ਦੱਖਣੀ ਕਸ਼ਮੀਰ ਦੇ ਅਵੰਤੀਪੋਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।

ਪੁਲਸ ਨੇ ਕਿਹਾ ਕਿ ਇਕ ਏਜੰਸੀ ਵੱਲੋਂ ਮੁੱਖ ਅੱਤਵਾਦੀ ਹੈਂਡਲਰ ਦੀ ਆਵਾਜਾਹੀ ਬਾਰੇ ਇਕ ਸੂਚਨਾ ’ਤੇ ਪੁਲਸ ਨੇ ਸ਼੍ਰੀਨਗਰ ਦੇ ਚਨਾਪੋਰਾ ਦੇ ਮੁਸ਼ਤਾਕ ਅਹਿਮਦ ਭੱਟ ਅਤੇ ਬਡਗਾਮ ਦੇ ਇਸ਼ਫਾਕ ਅਹਿਮਦ ਸ਼ਾਹ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਤੋਂ 1 ਪਿਸਤੌਲ, ਮੈਗਜ਼ੀਨ, 10 ਰਾਊਂਡ ਅਤੇ 3 ਗ੍ਰੇਨੇਡ ਸਮੇਤ ਇਤਰਾਜ਼ਯੋਗ ਸਮੱਗਰੀ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ’ਤੇ ਉਨ੍ਹਾਂ ਦੇ 2 ਹੋਰ ਸਹਿਯੋਗੀਆਂ ਨੂੰ ਇਕ ਪਿਸਤੌਲ, ਇਕ ਮੈਗਜ਼ੀਨ, 10 ਰਾਊਂਡ ਅਤੇ 11 ਗ੍ਰੇਨੇਡ ਤੇ ਇਤਰਾਜ਼ਯੋਗ ਸਮੱਗਰੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਦੌਰਾਨ ਅਵੰਤੀਪੋਰਾ ’ਚ ਪੁਲਸ ਨੇ ਫੌਜ ਅਤੇ ਸੀ. ਆਰ. ਪੀ. ਐੱਫ. ਨਾਲ 202 ਏ. ਕੇ. ਰਾਊਂਡ, 3 ਡੈਟੋਨੇਟਰ, 7.62 ਐੱਮ. ਐੱਮ. 26 ਰਾਊਂਡ, ਇੰਸਾਸ ਦੇ 2 ਰਾਊਂਡ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।


Rakesh

Content Editor

Related News