ਵਿਧਾਇਕ ਦਵਿੰਦਰ ਬਬਲੀ ਅਤੇ ਕਿਸਾਨਾਂ ਵਿਚਾਲੇ ਟਕਰਾਅ ਗਰਮਾਇਆ, ਗੁਰਨਾਮ ਚਢੂਨੀ ਨੇ ਕੀਤੇ ਵੱਡੇ ਐਲਾਨ
Thursday, Jun 03, 2021 - 10:52 AM (IST)
ਹਿਸਾਰ— ਟੋਹਾਨਾ ਤੋਂ ਵਿਧਾਇਕ ਦਵਿੰਦਰ ਸਿੰਘ ਬਬਲੀ ਅਤੇ ਕਿਸਾਨਾਂ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਈ ਵੱਡੇ ਐਲਾਨ ਕੀਤੇ ਹਨ। ਗੁਰਨਾਮ ਸਿੰਘ ਨੇ ਦੱਸਿਆ ਕਿ ਜੇਕਰ ਵਿਧਾਇਕ ਬਬਲੀ 7 ਜੂਨ ਤੱਕ ਮੁਆਫ਼ੀ ਨਹੀਂ ਮੰਗਦੇ ਅਤੇ ਪੁਲਸ ਉਨ੍ਹਾਂ ਖ਼ਿਲਾਫ਼ ਧਾਰਾ-307 ਸਮੇਤ ਹੋਰ ਧਾਰਾਵਾਂ ਵਿਚ ਮਾਮਲਾ ਦਰਜ ਨਹੀਂ ਕਰਦੀ ਤਾਂ 7 ਜੂਨ ਨੂੰ ਕਿਸਾਨ ਹਰਿਆਣਾ ਦੇ ਸਾਰੇ ਥਾਣਿਆਂ ਦਾ ਘਿਰਾਓ ਕਰਨਗੇ। ਪੂਰੇ ਪ੍ਰਦੇਸ਼ ਵਿਚ 2 ਘੰਟੇ ਲਈ ਸਾਰੇ ਥਾਣਿਆਂ ਦਾ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਨੇ ਘੇਰਿਆ SDM ਦਫ਼ਤਰ, ਕਿਹਾ- ਵਿਧਾਇਕ ਬਬਲੀ ਖ਼ਿਲਾਫ਼ ਕੇਸ ਦਰਜ ਕਰੇ ਪੁਲਸ
ਚਢੂਨੀ ਨੇ ਕਿਹਾ ਕਿ ਜੇਕਰ ਪ੍ਰ੍ਰਸ਼ਾਸਨ ਫਿਰ ਵੀ ਨਹੀਂ ਮੰਨਿਆ ਤਾਂ ਆਗਾਮੀ ਰਣਨੀਤੀ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਗੁਰਨਾਮ ਸਿੰਘ ਵਲੋਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਪ੍ਰਸ਼ਾਸਨ 11 ਜੂਨ ਤੱਕ ਕਿਸਾਨਾਂ ਦੀ ਗੱਲ ਨਹੀਂ ਮੰਨਦਾ ਤਾਂ ਵਿਧਾਇਕ ਦਵਿੰਦਰ ਬਬਲੀ ਦਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨ 5 ਜੂਨ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਮਨਾਉਣਗੇ 'ਸੰਪੂਰਨ ਕ੍ਰਾਂਤੀ ਦਿਵਸ'
ਦੱਸ ਦੇਈਏ ਕਿ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਬੁੱਧਵਾਰ ਸ਼ਾਮ ਟੋਹਾਨਾ ਵਿਚ ਬਬਲੀ ਦੇ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਤਾਇਨਾਤ ਭਾਰੀ ਪੁਲਸ ਫੋਰਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਸ ਨੇ ਕਰੀਬ 25-30 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ। ਬਾਅਦ ਵਿਚ ਕੁਝ ਪ੍ਰਦਰਸ਼ਨਕਾਰੀ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਫਤਿਹਾਬਾਦ ਵਿਚ ਸਦਰ ਥਾਣੇ ਗਏ।
ਇਹ ਵੀ ਪੜ੍ਹੋ: ਕਿਸਾਨੀ ਘੋਲ ਦੇ 6 ਮਹੀਨੇ ਪੂਰੇ, ਜਾਣੋ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤਕ ਦੀ ਪੂਰੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ