ਜੀਤਨ ਮਾਂਝੀ ਦੇ ਪੁੱਤ ਨੇ ਨਿਤੀਸ਼ ਕੈਬਨਿਟ ਤੋਂ ਦਿੱਤਾ ਅਸਤੀਫ਼ਾ
Tuesday, Jun 13, 2023 - 03:27 PM (IST)

ਪਟਨਾ (ਭਾਸ਼ਾ)- ਬਿਹਾਰ 'ਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਕਲਿਆਣ ਮੰਤਰੀ ਸੰਤੋਸ਼ ਸੁਮਨ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਕੈਬਨਿਟ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ। ਸੁਮਨ ਦੀ ਪਾਰਟੀ ਹਿੰਦੁਸਤਾਨੀ ਆਵਾਮ ਮੋਰਚਾ (ਹਮ) ਨੇ ਇੱਥੇ ਇਸ ਦਾ ਐਲਾਨ ਕੀਤਾ। ਸੁਮਨ ਮੌਜੂਦਾ ਸਮੇਂ 'ਚ 'ਹਮ' ਦੇ ਰਾਸ਼ਟਰੀ ਪ੍ਰਧਾਨ ਹਨ, ਜਿਸ ਦੀ ਸਥਾਪਨਾ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕੀਤੀ ਸੀ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ ਜਾਂ ਨਹੀਂ। ਹਾਲਾਂਕਿ ਰਾਜ 'ਚ ਸੱਤਾਧਾਰੀ ਗਠਜੋੜ 'ਮਹਾਗਠਜੋੜ' ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਚਾਰ ਵਿਧਾਇਕਾਂ ਵਾਲੀ ਹਿੰਦੁਸਤਾਨੀ ਆਵਾਮ ਮੋਰਚਾ ਪਾਰਟੀ ਗਠਜੋੜ ਤੋਂ ਬਾਹਰ ਹੋ ਵੀ ਜਾਂਦੀ ਹੈ ਤਾਂ ਇਸ ਨਾਲ ਸਰਕਾਰ ਦੀ ਹੋਂਦ 'ਚ ਕੋਈ ਅਸਰ ਨਹੀਂ ਪਵੇਗਾ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਿਛਲੇ ਸਾਲ ਅਗਸਤ 'ਚ ਭਾਜਪਾ ਨਾਲ ਰਿਸ਼ਤਾ ਤੋੜ ਕੇ ਬਿਹਾਰ 'ਚ ਹਿੰਦੁਸਤਾਨੀ ਆਵਾਮ ਮੋਰਚਾ ਸਮੇਤ 7 ਦਲਾਂ ਨਾਲ ਮਿਲ ਕੇ 'ਮਹਾਗਠਜੋੜ' ਦੀ ਨਵੀਂ ਸਰਕਾਰ ਬਣਾਈ ਸੀ। ਉਸ ਦੇ ਬਾਅਦ ਤੋਂ ਉਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਏਕਤਾ ਲਈ ਕੋਸ਼ਿਸ਼ ਕਰ ਰਹੇ ਹਨ। ਇਸੇ ਕੜੀ 'ਚ ਆਉਣ ਵਾਲੀ 23 ਜੂਨ ਨੂੰ ਪਟਨਾ 'ਚ ਵਿਰੋਧੀ ਦਲਾਂ ਦੇ ਸੀਨੀਅਰ ਨੇਤਾਵਾਂ ਦੀ ਇਕ ਮਹੱਤਵਪੂਰਨ ਬੈਠਕ ਹੋਵੇਗੀ।