ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ

08/09/2018 11:38:59 AM

ਪਣਜੀ—ਤਿੱਬਤ ਦੇ ਅਧਿਆਤਮਕ ਗੁਰੂ ਦਲਾਈਲਾਮਾ ਨੇ ਅੱਜ ਕਿਹਾ ਕਿ ਮਹਾਤਮਾ ਗਾਂਧੀ ਚਾਹੁੰਦੇ ਸਨ ਕਿ ਮੁਹੰਮਦ ਅਲੀ ਜਿਨਾਹ ਦੇਸ਼ ਦੇ ਚੋਟੀ ਦੇ ਅਹੁਦੇ 'ਤੇ ਬੈਠਣ ਪਰ ਪਹਿਲਾ ਪ੍ਰਧਾਨ ਮੰਤਰੀ ਬਣਨ ਲਈ ਜਵਾਹਰ ਲਾਲ ਨਹਿਰੂ ਨੇ 'ਆਤਮ ਕੇਂਦਰਿਤ ਰਵੱਈਆ' ਅਪਣਾਇਆ। ਦਲਾਈਲਾਮਾ ਨੇ ਦਾਅਵਾ ਕੀਤਾ ਕਿ ਜੇਕਰ ਮਹਾਤਮਾ ਗਾਂਧੀ ਦੀ ਜਿਨਾਹ ਨੂੰ ਪਹਿਲਾ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਨੂੰ ਅਮਲ 'ਚ ਲਿਆਂਦਾ ਗਿਆ ਹੁੰਦਾ ਤਾਂ ਭਾਰਤ ਦੀ ਵੰਡ ਨਾ ਹੁੰਦੀ। ਇਥੋਂ 40 ਕਿ. ਮੀ. ਦੂਰ ਗੋਆ ਮੈਨੇਜਮੈਂਟ ਇੰਸਟੀਚਿਊਟ ਦੇ ਇਕ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ 83 ਸਾਲਾ ਬੋਧੀ ਭਿਖਸ਼ੂ ਨੇ ਸੰਬੋਧਨ ਕਰਦਿਆਂ ਇਹ ਗੱਲ ਕਹੀ।

ਸਹੀ ਫੈਸਲੇ ਲੈਣ ਸਬੰਧੀ ਇਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ''ਮੇਰਾ ਮੰਨਣਾ ਹੈ ਕਿ ਬਸਤੀਵਾਦੀ ਪ੍ਰਬੰਧ ਦੀ ਬਜਾਏ ਪ੍ਰਜਾਤੰਤਰੀ ਪ੍ਰਣਾਲੀ ਬਹੁਤ ਚੰਗੀ ਹੁੰਦੀ ਹੈ। ਬਸਤੀਵਾਦੀ ਪ੍ਰਬੰਧ 'ਚ ਕੁਝ ਲੋਕਾਂ ਦੇ ਹੱਥਾਂ ਵਿਚ ਫੈਸਲੇ ਲੈਣ ਦੀ ਸ਼ਕਤੀ ਹੁੰਦੀ ਹੈ, ਜੋ ਬਹੁਤ ਖਤਰਨਾਕ ਹੁੰਦਾ ਹੈ।''

ਉਨ੍ਹਾਂ ਕਿਹਾ, ''ਹੁਣ ਭਾਰਤ ਵੱਲ ਵੇਖੋ, ਮੈਨੂੰ ਜਾਪਦਾ ਹੈ ਕਿ ਮਹਾਤਮਾ ਗਾਂਧੀ ਜਿਨਾਹ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਦੇ ਬੜੇ ਚਾਹਵਾਨ ਸਨ ਪਰ ਪੰਡਿਤ ਨਹਿਰੂ ਨੇ ਇਸ ਨੂੰ ਪ੍ਰਵਾਨ ਨਾ ਕੀਤਾ।''
ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਖੁਦ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਪੰਡਿਤ ਨਹਿਰੂ ਦਾ 'ਆਤਮ ਕੇਂਦਰਿਤ ਰਵੱਈਆ' ਸੀ। ਜੇਕਰ ਮਹਾਤਮਾ ਗਾਂਧੀ ਦੀ ਸੋਚ ਨੂੰ ਪ੍ਰਵਾਨਿਆ ਗਿਆ ਹੁੰਦਾ ਤਾਂ ਭਾਰਤ ਤੇ ਪਾਕਿਸਤਾਨ ਇਕ ਹੁੰਦੇ।'' ਉਨ੍ਹਾਂ ਕਿਹਾ, ''ਮੈਂ ਪੰਡਿਤ ਨਹਿਰੂ ਨੂੰ ਬੜੀ ਚੰਗਾ ਤਰ੍ਹਾਂ ਜਾਣਦਾ ਹਾਂ। ਉਹ ਬੇਹੱਦ ਤਜਰਬੇਕਾਰ ਅਤੇ ਸਿਆਣੇ ਵਿਅਕਤੀ ਸਨ ਪਰ ਕਦੇ-ਕਦੇ ਗਲਤੀਆਂ ਹੋ ਹੀ ਜਾਂਦੀਆਂ ਹਨ।''


Related News