ਝਾਰਖੰਡ ਚੋਣਾਂ : ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਭਾਜਪਾ ’ਚ ਅਸੰਤੁਸ਼ਟੀ

Tuesday, Oct 22, 2024 - 08:58 PM (IST)

ਰਾਂਚੀ, (ਭਾਸ਼ਾ)- ਝਾਰਖੰਡ ’ਚ ਵਿਧਾਨ ਸਭਾ ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਤੋਂ ਨਿਰਾਸ਼ ਹੋ ਕੇ ਇਸ ਦੇ ਅਹੁਦਾ ਛੱਡ ਰਹੇ ਇਕ ਵਿਧਾਇਕ ਅਤੇ ਤਿੰਨ ਸਾਬਕਾ ਵਿਧਾਇਕਾਂ ਸਮੇਤ ਕਈ ਆਗੂਆਂ ਵੱਲੋਂ ਪਾਸਾ ਬਦਲਣਾ ਪਾਰਟੀ ਦੇ ਅੰਦਰ ਵਧ ਰਹੇ ਅਸੰਤੋਸ਼ ਨੂੰ ਦਰਸਾਉਂਦਾ ਹੈ।

ਪਾਰਟੀ ਬਦਲਣ ਵਾਲੇ ਆਗੂਆਂ ਦੀ ਇਕ ਵੱਡੀ ਸ਼ਿਕਾਇਤ ਇਹ ਹੈ ਕਿ ਭਾਜਪਾ ਆਪਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਕੇ ਚੋਣਾਂ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਭਾਜਪਾ ’ਚ ਆਏ ਆਗੂਆਂ ਨੂੰ ਉਮੀਦਵਾਰ ਬਣਾ ਰਹੀ ਹੈ।

ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਸਾਨੂੰ ਦੁੱਖ ਹੋਇਆ ਹੈ। ਜੇ ਸੂਚੀ ’ਤੇ ਨਜ਼ਰ ਮਾਰੀਏ ਤਾਂ ਪਾਰਟੀ ਨੇ ਆਪਣੇ ਸਮਰਪਿਤ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ’ਤੇ ਭਰੋਸਾ ਪ੍ਰਗਟਾਇਆ ਹੈ।

ਹੁਣ ਤੱਕ ਐਲਾਨੇ ਗਏ 66 ਉਮੀਦਵਾਰਾਂ ’ਚੋਂ ਅੱਧੇ ਤੋਂ ਵੱਧ ਉਹ ਹਨ ਜੋ ਹੋਰਨਾਂ ਪਾਰਟੀਆਂ ਤੋਂ ਆਏ ਹਨ। ਭਾਜਪਾ ਵੱਲੋਂ ਟਿਕਟਾਂ ਹਾਸਲ ਕਰਨ ਵਾਲੇ ਅਜਿਹੇ ਆਗੂਆਂ ’ਚ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ, ਉਨ੍ਹਾਂ ਦੇ ਪੁੱਤਰ ਬਾਬੂ ਲਾਲ ਸੋਰੇਨ, ਲੋਬਿਨ ਹੇਮਬਰੋਮ, ਗੰਗਾ ਨਾਰਾਇਣ, ਮੰਜੂ ਦੇਵੀ, ਗੀਤਾ ਕੋਡਾ, ਸੀਤਾ ਸੋਰੇਨ ਅਤੇ ਰਾਮਚੰਦਰ ਆਦਿ ਪ੍ਰਮੁੱਖ ਹਨ।

ਪਾਰਟੀ ਅੰਦਰ ਕੋਈ ਵੱਡੀ ਅਸੰਤੁਸ਼ਟੀ ਨਹੀਂ : ਹਿਮੰਤ ਬਿਸਵਾ ਸਰਮਾ

ਆਸਾਮ ਦੇ ਮੁੱਖ ਮੰਤਰੀ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਸਹਿ-ਇੰਚਾਰਜ ਹਿਮੰਤ ਬਿਸਵਾ ਸਰਮਾ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਹੈ ਕਿ ਪਾਰਟੀ ਅੰਦਰ ਕੋਈ ਵੱਡਾ ਅਸੰਤੋਸ਼ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਇਕ ਵੱਡੀ ਸਿਆਸੀ ਪਾਰਟੀ ਹੈ, ਇਸ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਆਗੂਆਂ ’ਚ ਕੁਝ ਨਾਰਾਜ਼ਗੀ ਹੋਣੀ ਸੁਭਾਵਿਕ ਹੈ। ਉਹ ਅਸੰਤੁਸ਼ਟ ਆਗੂਆਂ ਨੂੰ ਮਿਲਣਗੇ।

ਮਰਾਂਡੀ ਤੇ ਸਾਰੰਗੀ ਸਮੇਤ ਭਾਜਪਾ ਦੇ ਕਈ ਮੈਂਬਰ ਜੇ. ਐੱਮ. ਐੱਮ. ’ਚ ਹੋਏ ਹਨ ਸ਼ਾਮਲ

ਸਾਬਕਾ ਵਿਧਾਇਕ ਲੁਈਸ ਮਰਾਂਡੀ, ਕੁਨਾਲ ਸਾਰੰਗੀ ਤੇ ਲਕਸ਼ਮਣ ਸਮੇਤ ਕਈ ਭਾਜਪਾ ਨੇਤਾ ਸੋਮਵਾਰ ਜੇ. ਐੱਮ. ਐੱਮ. ’ਚ ਸ਼ਾਮਲ ਹੋ ਗਏ ਸਨ। ਪਿਛਲੇ ਹਫ਼ਤੇ ਤਿੰਨ ਵਾਰ ਦੇ ਭਾਜਪਾ ਵਿਧਾਇਕ ਕੇਦਾਰ ਹਾਜ਼ਰਾ ਅਤੇ ਭਾਜਪਾ ਦੀ ਸਹਿਯੋਗੀ ਪਾਰਟੀ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੇ ਉਮਾਕਾਂਤ ਰਾਜਕ ਵੀ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋ ਗਏ ਸਨ।

ਸਾਰੰਗੀ ਨੇ ਕਿਹਾ ਕਿ ਭਾਜਪਾ ’ਚ ਕਿਸੇ ਨੇ ਮੈਨੂੰ ਬੁਲਾਉਣ ਦੀ ਖੇਚਲ ਵੀ ਨਹੀਂ ਕੀਤੀ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਜਮਸ਼ੇਦਪੁਰ ਸੀਟ ਲਈ ਉਮੀਦਵਾਰ ਵਜੋਂ ਮੇਰਾ ਨਾਂ ਸ਼ਾਰਟਲਿਸਟ ਕੀਤਾ ਸੀ, ਪਰ ਟਿਕਟ ਨਹੀਂ ਦਿੱਤੀ। ਇਹ ਇਕ ਬੁਨਿਆਦੀ ਸ਼ਿਸ਼ਟਾਚਾਰ ਸੀ ਕਿ ਉਹ ਮੈਨੂੰ ਫੋਨ ਕਰਦੇ ਪਰ ਕੁਝ ਨਹੀਂ ਕੀਤਾ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ। ਮੈਂ ਵਿਦੇਸ਼ ’ਚ ਇਕ ਆਰਾਮਦਾਇਕ ਨੌਕਰੀ ਛੱਡ ਕੇ ਸਮਾਜ ਦੀ ਸੇਵਾ ਕਰਨ ਲਈ ਭਾਰਤ ਆਇਆ ਸੀ। ਮੈਂ ਸਾਰੇ ਅਹਿਮ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਮੇਰੀ ਨਹੀਂ ਸੁਣੀ।

ਸਾਬਕਾ ਮੰਤਰੀ ਮਰਾਂਡੀ ਨੇ ਕਿਹਾ ਕਿ 24 ਸਾਲ ਭਾਜਪਾ ਦੀ ਸੇਵਾ ਕਰਨ ਤੋਂ ਬਾਅਦ ਭਾਜਪਾ ਨਾਲੋਂ ਵੱਖ ਹੋਣਾ ਦੁਖਦਾਈ ਹੈ। ਭਾਜਪਾ ਨੇ 2014 ’ਚ ਜੇ. ਐੱਮ..ਐੱਮ. ਦਾ ਗੜ੍ਹ ਮੰਨੇ ਜਾਂਦੇ ਦੁਮਕਾ ’ਚ ਇਤਿਹਾਸਕ ਜਿੱਤ ਦਰਜ ਕੀਤੀ ਸੀ, ਪਰ ਪਾਰਟੀ ਨੇ ਉਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਜੋ ਹੋਰਨਾਂ ਪਾਰਟੀਆਂ ’ਚੋਂ ਅਾਈਆਂ ਸਨ।

ਉਨ੍ਹਾਂ ਕਿਹਾ ਕਿ 2014 ’ਚ ਉਨ੍ਹਾਂ ਦੁਮਕਾ ’ਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ 5,262 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਪਰ 2019 ’ਚ ਉਹ ਲਗਭਗ 13,000 ਵੋਟਾਂ ਨਾਲ ਹਾਰ ਗਈ ਸੀ। ਉਹ 2020 ਦੀ ਉਪ ਚੋਣ ਵੀ ਜੇ.ਐਮ.ਐਮ. ਦੇ ਬਸੰਤ ਸੋਰੇਨ ਤੋਂ ਹਾਰ ਗਈ ਸੀ। ਭਾਜਪਾ ਚਾਹੁੰਦੀ ਸੀ ਕਿ ਮੈਂ ਬਰਹੇਟ ਤੋਂ ਚੋਣ ਲੜਾਂ ਜੋ ਮੇਰੇ ਲਈ ਨਵੀਂ ਸੀਟ ਸੀ। ਮੈਨੂੰ ਮੇਰੀ ਸੀਟ ਨਹੀਂ ਦਿੱਤੀ ਗਈ। ਭਾਜਪਾ ਨੇ ਦੁਮਕਾ ਵਿਧਾਨ ਸਭਾ ਸੀਟ ਤੋਂ ਸੁਨੀਲ ਸੋਰੇਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

2019 ’ਚ ਕਾਂਗਰਸ ਦੀ ਮੰਜੂ ਕੁਮਾਰੀ ਨੂੰ ਹਰਾ ਕੇ ਜਮੂਆ ਸੀਟ ਜਿੱਤਣ ਵਾਲੇ ਹਾਜ਼ਰਾ ਨੇ ਕਿਹਾ ਕਿ ਤਿੰਨ ਦਹਾਕਿਆਂ ਤੱਕ ਭਾਜਪਾ ਦੀ ਸੇਵਾ ਕਰਨ ਦੇ ਬਾਵਜੂਦ ਮੈਂ ਅਣਗੌਲਿਆ ਮਹਿਸੂਸ ਕਰਦਾ ਹਾਂ। ਕਾਂਗਰਸੀ ਆਗੂ ਦੇ ਭਾਜਪਾ ’ਚ ਸ਼ਾਮਲ ਹੋਣ ਅਤੇ ਉਸ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਮੈਂ ਪਾਲਾ ਬਦਲ ਲਿਆ।

ਭਾਜਪਾ 81 ’ਚੋਂ 68 ਸੀਟਾਂ 'ਤੇ ਚੋਣ ਲੜ ਰਹੀ ਹੈ । ਬਾਕੀ ਸੀਟਾਂ ਉਸ ਨੇ ਆਪਣੇ ਸਹਿਯੋਗੀਆਂ ਲਈ ਛੱਡ ਦਿੱਤੀਆਂ ਹਨ। ਜੇ.ਐੱਮ.ਐੱਮ. ਦੀ ਅਗਵਾਈ ਵਾਲੇ ਗੱਠਜੋੜ ਨੇ 2019 ’ਚ ਭਾਜਪਾ ਤੋਂ ਸੱਤਾ ਖੋਹ ਕੇ 47 ਸੀਟਾਂ ਜਿੱਤੀਆਂ ਸਨ।


Rakesh

Content Editor

Related News