ਝਾਰਖੰਡ : ਵਾਟਰ ਪਾਰਕ ''ਚ ਸਲਾਈਡਿੰਗ ਕਿਸ਼ਤੀ ਦੀ ਟੱਕਰ ਲਗਣ ਨਾਲ ਨੌਜਵਾਨ ਦੀ ਮੌਤ

06/15/2022 2:51:55 PM

ਜਮਸ਼ੇਦਪੁਰ (ਭਾਸ਼ਾ)- ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿਚ ਇਕ ਵਾਟਰ ਮਨੋਰੰਜਨ ਪਾਰਕ 'ਚ ਸਲਾਈਡਿੰਗ ਕਿਸ਼ਤੀ ਨਾਲ ਟੱਕਰ ਲਗਣ ਤੋਂ ਬਾਅਦ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪੀੜਤ ਜੌਨੀ ਕੁਵੈਤ ਪਾਣੀ 'ਚ ਉਤਰਿਆ ਹੀ ਸੀ ਕਿ ਇਕ ਰਾਈਡ ਦੀ ਸਲਾਈਡਿੰਗ ਕਿਸ਼ਤੀ ਨੇ ਉਸ ਦੇ ਸਿਰ ਵਿਚ ਟੱਕਰ ਮਾਰ ਦਿੱਤੀ। ਉਪ-ਮੰਡਲ ਪੁਲਸ ਅਧਿਕਾਰੀ (ਘਾਟਸ਼ਿਲਾ) ਕੁਲਦੀਪ ਟੋਪੋ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਗਲੂਡੀਹ ਦੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਘਾਟਸ਼ਿਲਾ ਸਦਰ ਹਸਪਤਾਲ ਭੇਜ ਦਿੱਤਾ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਕੁਵੈਤ ਜਮਸ਼ੇਦਪੁਰ ਦੇ ਬਾਗੁਨਹਾਤੂ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਆਪਣੇ ਦੋਸਤਾਂ ਨਾਲ ਵਾਟਰ ਪਾਰਕ ਗਿਆ ਸੀ। ਐੱਸ.ਡੀ.ਪੀ.ਓ. ਨੇ ਕਿਹਾ ਕਿ ਗਲੂਡੀਹ ਦੇ ਵਾਟਰ ਪਾਰਕ ਵਿਚ ਬਹੁਤ ਭੀੜ ਸੀ ਅਤੇ ਭੀੜ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਸੀ। ਇਸ ਦੌਰਾਨ ਉਪ ਮੰਡਲ ਅਧਿਕਾਰੀ (ਘਾਟਸ਼ਿਲਾ) ਸਤਵੀਰ ਰਜਕ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਵਾਟਰ ਪਾਰਕ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਡੀ.ਓ. ਨੇ ਕਿਹਾ,‘‘ਅਸੀਂ ਵਾਟਰ ਪਾਰਕ ਦੇ ਮੈਨੇਜਰ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ।’’ ਰਜਕ ਨੇ ਕਿਹਾ ਕਿ ਵਾਟਰ ਪਾਰਕ ਦੇ ਪ੍ਰਬੰਧਕ ਇਸ ਨੂੰ ਚਲਾਉਣ ਲਈ ਜਾਇਜ਼ ਦਸਤਾਵੇਜ਼ ਵੀ ਪੇਸ਼ ਨਹੀਂ ਕਰ ਸਕੇ।


DIsha

Content Editor

Related News