ਉਮਰਾਂ ਨਿੱਕੀਆਂ ਤੇ ਅਸਮਾਨੀਂ ਹੌਂਸਲੇ ! 7 ਸਾਲ ਦੇ ਇਸ਼ਾਂਕ ਨੇ ਰਚਿਆ ਇਤਿਹਾਸ, ਸ਼੍ਰੀਲੰਕਾ ਤੋਂ ਤੈਰ ਕੇ ਪਹੁੰਚਿਆ ਭਾਰਤ
Saturday, May 02, 2026 - 03:40 PM (IST)
ਰਾਂਚੀ- ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਇਸ਼ਾਂਕ ਸਿੰਘ ਨੇ ਸਮੁੰਦਰ ਦੀਆਂ ਲਹਿਰਾਂ 'ਤੇ ਫਤਿਹ ਹਾਸਲ ਕਰਕੇ ਇਤਿਹਾਸ ਦੇ ਪੰਨਿਆਂ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਜਵਾਹਰ ਵਿੱਦਿਆ ਮੰਦਰ, ਸ਼ਿਆਮਲੀ ਦੇ ਤੀਜੀ ਜਮਾਤ ਦੇ ਵਿਦਿਆਰਥੀ ਇਸ਼ਾਂਕ ਨੇ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਸਥਿਤ ਪਾਕ ਸਟ੍ਰੇਟ (Palk Strait) ਨੂੰ ਤੈਰ ਕੇ ਪਾਰ ਕੀਤਾ ਹੈ। ਇਸ਼ਾਂਕ ਨੇ 30 ਅਪ੍ਰੈਲ ਨੂੰ ਸ਼੍ਰੀਲੰਕਾ ਦੇ ਤਲਾਈਮਨਾਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਤਾਮਿਲਨਾਡੂ ਦੇ ਧਨੁਸ਼ਕੋਡੀ ਤੱਕ 29 ਕਿਲੋਮੀਟਰ ਦਾ ਚੁਣੌਤੀਪੂਰਨ ਸਫ਼ਰ ਸਿਰਫ਼ 9 ਘੰਟੇ ਅਤੇ 50 ਮਿੰਟਾਂ 'ਚ ਤੈਅ ਕੀਤਾ।
ਰੋਜ਼ਾਨਾ 7-8 ਘੰਟੇ ਚੱਲਦੀ ਸੀ ਟਰੇਨਿੰਗ
ਇਸ਼ਾਂਕ ਦੀ ਮਾਂ ਮਨੀਸ਼ਾ ਅਨੁਸਾਰ, ਇਸ ਸਫਲਤਾ ਦੇ ਪਿੱਛੇ ਮਹੀਨਿਆਂ ਦੀ ਸਖ਼ਤ ਸਿਖਲਾਈ ਹੈ, ਜੋ ਰੋਜ਼ਾਨਾ 7 ਤੋਂ 8 ਘੰਟੇ ਚੱਲਦੀ ਸੀ। ਉਨ੍ਹਾਂ ਦੱਸਿਆ ਕਿ ਇਸ਼ਾਂਕ ਤਿੰਨ ਸਾਲ ਦੀ ਉਮਰ ਤੋਂ ਤੈਰਾਕੀ ਕਰ ਰਿਹਾ ਹੈ। ਉਨ੍ਹਾਂ ਦੱਸਿਆ,''ਇਸ਼ਾਂਕ ਪਹਿਲਾਂ ਰਾਂਚੀ ਦੇ ਵੱਖ-ਵੱਖ ਸਵੀਮਿੰਗ ਪੂਲ 'ਚ ਟਰੇਨਿੰਗ ਕਰਦਾ ਸੀ ਪਰ ਪਿਛਲੇ ਛੇ ਮਹੀਨਿਆਂ ਤੋਂ ਉਸ ਨੇ ਖ਼ਾਸ ਤੌਰ 'ਤੇ ਪਾਕਿ ਸਟ੍ਰੇਟ ਦੀ ਤਿਆਰੀ ਲਈ ਧੁਰਵਾ ਡੈਮ 'ਚ ਖੁੱਲ੍ਹੇ ਪਾਣੀ 'ਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ।''
ਹੋਰ ਵੀ ਉਪਲੱਬਧੀਆਂ ਹਾਸਲ ਕਰਨਾ ਚਾਹੁੰਦਾ ਹਾਂ : ਇਸ਼ਾਂਕ
ਇਸ਼ਾਂਕ ਜੋ ਸ਼ੁੱਕਰਵਾਰ ਸ਼ਾਮ ਨੂੰ ਰਾਂਚੀ ਪਰਤਿਆ ਨੇ ਕਿਹਾ ਕਿ ਤੈਰਾਕੀ ਪੂਰੀ ਕਰਨ ਤੋਂ ਬਾਅਦ ਉਹ ਬਹੁਤ ਉਤਸ਼ਾਹਤ ਹੈ ਅਤੇ ਹੁਣ ਹੋਰ ਵੀ ਵੱਡੇ ਟੀਚੇ ਹਾਸਲ ਕਰਨ ਦੀ ਸੋਚ ਰਿਹਾ ਹੈ। ਉਸ ਨੇ ਕਿਹਾ,''ਮੈਂ ਲਗਾਤਾਰ ਬਿਹਤਰ ਕਰਨਾ ਚਾਹੁੰਦਾ ਹਾਂ ਅਤੇ ਹੋਰ ਵੀ ਉਪਲੱਬਧੀਆਂ ਹਾਸਲ ਕਰਨਾ ਚਾਹੁੰਦਾ ਹਾਂ। ਮੇਰਾ ਸੁਪਨਾ ਹੈ ਕਿ ਮੈਂ ਪਾਕਿ ਸਟ੍ਰੇਟ ਨੂੰ ਦੋਵੇਂ ਪਾਸਿਓਂ ਤੈਰ ਕੇ ਪਾਰ ਕਰਾਂ।'' ਜਵਾਹਰ ਵਿਦਿਆ ਮੰਦਰ, ਸ਼ਿਆਮਲੀ (ਕ੍ਰਿਕਟਰ ਐੱਮ.ਐੱਸ. ਧੋਨੀ ਦਾ ਵੀ ਸਕੂਲ) 'ਚ ਤੀਜੀ ਜਮਾਤ 'ਚ ਪੜ੍ਹਨ ਵਾਲੇ ਇਸ਼ਾਂਕ ਨੂੰ ਯੂਨੀਵਰਸਲ ਰਿਕਾਰਡ ਫੋਰਮ ਵੱਲੋਂ 'ਸਭ ਤੋਂ ਘੱਟ ਉਮਰ ਦੇ ਅਤੇ ਸਭ ਤੋਂ ਤੇਜ਼ ਪਾਕ ਸਟ੍ਰੇਟ ਤੈਰਾਕ' ਅਤੇ ਓਪਨ ਵਾਟਰ ਸਵੀਮਿੰਗ ਅਕੈਡਮੀ ਵੱਲੋਂ '2026 OWSAT ਵਿਸ਼ਵ ਰਿਕਾਰਡ' ਦਾ ਖਿਤਾਬ ਦਿੱਤਾ ਗਿਆ।
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਦਿੱਤੀ ਵਧਾਈ
ਉਸ ਦੇ ਕੋਚ ਅਮਨ ਕੁਮਾਰ ਜੈਸਵਾਲ ਅਤੇ ਬਜਰੰਗ ਕੁਮਾਰ ਨੇ ਦੱਸਿਆ ਕਿ ਇਸ਼ਾਂਕ ਨੇ ਬਚਪਨ ਤੋਂ ਹੀ ਅਦਭੁੱਤ ਸਹਿਣਸ਼ੀਲਤਾ ਦਿਖਾਈ ਸੀ। ਜਾਇਸਵਾਲ ਨੇ ਕਿਹਾ,''ਅਸੀਂ ਸਭ ਤੋਂ ਪਹਿਲਾਂ ਇਕ ਸਮਰ ਕੈਂਪ ਦੌਰਾਨ ਉਸ ਦੀ ਅਸਾਧਾਰਨ ਸਹਿਣਸ਼ਕਤੀ ਨੂੰ ਪਛਾਣਇਆ ਸੀ। ਉਸ ਦੇ ਮਾਤਾ-ਪਿਤਾ ਦੇ ਸਹਿਯੋਗ ਨਾਲ, ਅਸੀਂ ਉਸ ਨੂੰ ਇਸ ਟੀਚੇ ਲਈ ਟਰੇਨਿੰਗ ਦੇਣੀ ਸ਼ੁਰੂ ਕੀਤੀ। ਇਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ।'' ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਤਾਮਿਲਨਾਡੂ ਦੇ ਜੈ ਜਸਵੰਤ ਦੇ ਨਾਂ ਸੀ। ਉੱਥੇ ਹੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਸ਼ਾਂਕ ਨੂੰ ਇਸ ਇਤਿਹਾਸਕ ਜਿੱਤ 'ਤੇ ਵਧਾਈ ਦਿੱਤੀ ਅਤੇ ਉਸ ਦੇ ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਬੀ.ਐੱਨ. ਝਾਅ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ਼ਾਂਕ ਨੇ ਸਕੂਲ, ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
