ਗਰਭਵਤੀ ਪਤਨੀ ਨੂੰ ਪ੍ਰੀਖਿਆ ਦਿਵਾਉਣ ਲਈ ਪਤੀ ਨੇ ਚਲਾਈ 1176 ਕਿਲੋਮੀਟਰ ਸਕੂਟੀ

09/03/2020 3:10:45 PM

ਗਵਾਲੀਅਰ— ਪਤਨੀ ਦੀ ਯਾਦ ਵਿਚ ਪਹਾੜ ਚੀਰ ਦੇਣ ਵਾਲੇ ਬਿਹਾਰ ਦੇ ਦਸ਼ਰਥ ਮਾਂਝੀ ਨੂੰ ਕੌਣ ਨਹੀਂ ਜਾਣਦਾ। ਹੁਣ ਝਾਰਖੰਡ ਦੇ ਮਾਂਝੀ ਸਮਾਜ ਦੇ ਧਨੰਜੈ ਕੁਮਾਰ ਨੇ ਆਪਣੀ ਗਰਭਵਤੀ ਪਤਨੀ ਸੋਨੀ ਹੇਮਬਰਮ ਨੂੰ ਪ੍ਰੀਖਿਆ ਦਿਵਾਉਣ ਲਈ ਆਸਾਧਰਣ ਸਫ਼ਰ ਤੈਅ ਕਰ ਕੇ ਮਿਸਾਲ ਕਾਇਮ ਕੀਤੀ ਹੈ। ਉਹ ਝਾਰਖੰਡ ਦੇ ਗੋਂਡਾ ਤੋਂ 1176 ਕਿਲੋਮੀਟਰ ਸਕੂਟੀ ਚਲਾ ਕੇ ਗਵਾਲੀਅਰ ਪਹੁੰਚੇ। ਉਨ੍ਹਾਂ ਨੇ ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪਹਾੜੀ-ਮੈਦਾਨੀ ਰਸਤਿਆਂ ਨੂੰ ਪਾਰ ਕੀਤਾ। ਉਨ੍ਹਾਂ ਦੀ ਪਤਨੀ ਨੂੰ ਡਿਪਲੋਮਾ ਇਨ ਐਲੀਮੈਂਟਰੀ ਐਜੁਕੇਸ਼ਨ (ਡੀ. ਐੱਲ. ਐੱਡ.) ਦੀ ਪ੍ਰੀਖਿਆ ਦੇਣੀ ਸੀ। ਧਨੰਜੈ ਝਾਰਖੰਡ ਦੇ ਗੋਂਡਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦਰਅਸਲ ਧਨੰਜੈ ਦੀ ਪਤਨੀ ਨਾਲ ਗਵਾਲੀਅਰ ਠਹਿਰਣ ਲਈ ਦੀਨ ਦਿਆਲ ਨਗਰ ਵਿਚ 1500 ਰੁਪਏ ਵਿਚ 10 ਦਿਨ ਲਈ ਕਮਰਾ ਕਿਰਾਏ 'ਤੇ ਲਿਆ ਹੈ। 11 ਸਤੰਬਰ ਨੂੰ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਉਹ ਸਕੂਟੀ ਤੋਂ ਹੀ ਝਾਰਖੰਡ ਲਈ ਰਵਾਨਾ ਹੋਣਗੇ।

PunjabKesari

3 ਦਿਨ 'ਚ ਗੋਂਡਾ ਤੋਂ ਗਵਾਲੀਅਰ ਪੁੱਜੇ, ਪਤਨੀ ਦੇ ਗਹਿਣੇ ਗਿਰਵੀ ਰੱਖ ਭਰਵਾਇਆ ਪੈਟਰੋਲ—
ਧੰਨਜੈ ਦਾ ਕਹਿਣਾ ਹੈ ਕਿ ਸੋਨੀ 6 ਮਹੀਨੇ ਦੀ ਗਰਭਵਤੀ ਹੈ, ਦਸੰਬਰ ਮਹੀਨੇ ਵਿਚ ਡਿਲਿਵਰੀ ਹੋਣ ਦੀ ਉਮੀਦ ਹੈ। ਪ੍ਰੀਖਿਆ ਦੇਣਾ ਵੀ ਜ਼ਰੂਰੀ ਸੀ ਪਰ ਟਰੇਨਾਂ ਬੰਦ ਹਨ ਅਤੇ ਉਹ ਕਿਰਾਏ ਦੇ ਵਾਹਨ ਤੋਂ ਆਉਣ ਵਿਚ ਕਰੀਬ 30 ਹਜ਼ਾਰ ਰੁਪਏ ਦਾ ਖਰਚ ਆ ਰਿਹਾ ਸੀ। ਅਜਿਹੇ ਵਿਚ ਦੋਹਾਂ ਨੇ ਤੈਅ ਕੀਤਾ ਕਿ ਦੋ-ਪਹੀਆ ਵਾਹਨ ਤੋਂ ਹੀ ਇਹ ਸਫ਼ਰ ਤੈਅ ਕੀਤਾ ਜਾਵੇ। ਫਿਰ ਕੀ ਸੀ 28 ਅਗਸਤ ਨੂੰ ਧਨੰਜੈ ਅਤੇ ਸੋਨੀ ਆਪਣੇ ਪਿੰਡ 'ਚੋਂ ਨਿਕਲੇ ਅਤੇ 30 ਅਗਸਤ ਨੂੰ ਰਸਤੇ ਵਿਚ ਠਹਿਰਦੇ ਹੋਏ ਗਵਾਲੀਅਰ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਉਹ ਬਹੁਤ ਕਿਸਮਤ ਵਾਲੀ ਹੈ, ਜੋ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ। ਧਨੰਜੈ ਨੇ ਦੱਸਿਆ ਕਿ ਦੋ-ਪਹੀਆ ਵਾਹਨ ਤੋਂ ਇੰਨਾ ਲੰਬਾ ਸਫ਼ਰ ਕਰਨ ਤੋਂ ਬਹੁਤ ਸਾਰੇ ਲੋਕਾਂ ਨੇ ਮਨਾ ਕਰ ਦਿੱਤਾ, ਕਾਫੀ ਹੱਦ ਤੱਕ ਉਹ ਸਹੀ ਵੀ ਸਨ ਪਰ ਪਤਨੀ ਦੀ ਪ੍ਰੀਖਿਆ ਵੀ ਜ਼ਰੂਰੀ ਸੀ। ਇਸ ਦੌਰਾਨ ਬਿਹਾਰ ਦੇ ਭਾਗਲਪੁਰ ਤੋਂ ਲੰਘਦੇ ਸਮੇਂ ਹੜ੍ਹ ਦਾ ਸਾਹਮਣਾ ਕਰਨਾ ਪਿਆ। ਖ਼ਸਤਾਹਾਲ ਸੜਕਾਂ ਤੋਂ ਲੰਘੇ। 
ਦੱਸ ਦੇਈਏ ਕਿ ਧਨੰਜੈ ਕੰਟੀਨ ਵਿਚ ਖਾਣਾ ਬਣਾਉਣ ਦਾ ਕੰਮ ਕਰਦੇ ਸਨ, ਬੀਤੇ ਤਿੰਨ ਮਹੀਨੇ ਤੋਂ ਉਹ ਬੇਰੋਜ਼ਗਾਰ ਹਨ। ਲੰਬੇ ਸਫ਼ਰ ਤੈਅ ਕਰਨ ਲਈ ਸਕੂਟੀ 'ਚ ਪੈਟਰੋਲ ਭਰਵਾਉਣ ਲਈ ਧਨੰਜੈ ਨੇ ਆਪਣੀ ਪਤਨੀ ਦੇ ਗਹਿਣੇ 10 ਹਜ਼ਾਰ ਰੁਪਏ ਵਿਚ ਗਿਰਵੀ ਰੱਖੇ ਹਨ, ਜਿਸ ਲਈ ਮਹੀਨੇ ਦਾ 300 ਰੁਪਏ ਦਾ ਵਿਆਜ ਵੀ ਚੁਕਾਉਣਾ ਹੋਵੇਗਾ। 

PunjabKesari

ਖੁਦ 10ਵੀਂ ਪਾਸ, ਪਤਨੀ ਨੂੰ ਬਣਾਉਣਾ ਚਾਹੁੰਦੇ ਹਨ ਅਧਿਆਪਕਾ—
ਧਨੰਜੈ ਖੁਦ 10ਵੀਂ ਪਾਸ ਹਨ ਪਰ ਉਹ ਆਪਣੀ ਪਤਨੀ ਨੂੰ ਅਧਿਆਪਕਾ ਬਣਾਉਣਾ ਚਾਹੁੰਦੇ ਹਨ। ਇਸ ਲਈ ਪਤਨੀ ਫਿਲਹਾਲ ਡਿਪਲੋਮਾ ਇਨ ਐਲੀਮੈਂਟਰੀ ਦੂਜੇ ਸਾਲ ਦੀ ਪ੍ਰੀਖਿਆ ਦੇ ਰਹੀ ਹੈ। ਧਨੰਜੈ ਦਾ ਕਹਿਣਾ ਹੈ ਕਿ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਹੋਣ ਪਰ ਉਸ ਦਾ ਹੱਲ ਲੱਭਣਾ ਮੁਮਕਿਨ ਹੈ। ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਵਲੋਂ ਡਿਪਲੋਮਾ ਇਨ ਐਲੀਮੈਂਟਰੀ ਐਜੁਕੇਸ਼ਨ ਦੀਆਂ ਪ੍ਰੀਖਿਆਵਾਂ 1 ਤੋਂ 11 ਸਤੰਬਰ ਤੱਕ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਗਵਾਲੀਅਰ ਵਿਚ ਕੁੱਲ 23 ਕੇਂਦਰਾਂ 'ਚ ਪ੍ਰੀਖਿਆ ਦੇਣ ਲਈ 10 ਹਜ਼ਾਰ 680 ਵਿਦਿਆਰਥੀ ਰਜਿਸਟਰਡ ਹਨ। 


Tanu

Content Editor

Related News