ਐੱਨ.ਸੀ. ਲੀਡਰ ਜਾਵੇਦ ਰਾਣਾ ਬੋਲੇ- ਮੌਕਾ ਮਿਲਿਆ ਤਾਂ ਪਹਿਲਾਂ ਪੀ.ਐੱਮ. ਨੂੰ ਠੋਕਾਂਗਾ
Thursday, Mar 28, 2019 - 01:24 PM (IST)

ਸ਼੍ਰੀਨਗਰ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਦੇ ਨਾਲ ਹੀ ਵਿਵਾਦਪੂਰਨ ਬਿਆਨਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਨੈਸ਼ਨਲ ਕਾਨਫਰੰਸ (ਐੱਨ.ਸੀ.) ਦੇ ਨੇਤਾ ਅਕਬਰ ਲੋਨ ਨੇ ਪਾਕਿਸਤਾਨ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਸੀ। ਦੂਜੇ ਪਾਸੇ ਨੈਸ਼ਨਲ ਕਾਨਫਰੰਸ (ਐੱਨ.ਸੀ.) ਦੇ ਨੇਤਾ ਜਾਵੇਦ ਅਹਿਮਦ ਰਾਣਾ ਨੇ ਵੀ ਪੀ.ਐੱਮ. ਨਰਿੰਦਰ ਮੋਦੀ 'ਤੇ ਵਿਵਾਦਪੂਰਨ ਟਿੱਪਣੀ ਕੀਤੀ ਹੈ। ਰਾਣਾ ਨੇ ਮੋਦੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਮੈਨੂੰ ਪਾਵਰ (ਸ਼ਕਤੀ) ਮਿਲੇ ਤਾਂ ਮੈਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੂੰ ਠੋਕਾਗਾਂ। ਰਾਣਾ ਨੇ ਕਿਹਾ,''ਖੁਦਾ ਦੀ ਕਸਮ ਜੇਕਰ ਮੇਰਾ ਬਸ ਚੱਲੇ ਤਾਂ ਮੈਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਜੰਮੂ-ਕਸ਼ਮੀਰ ਅਤੇ ਦੇਸ਼ 'ਚ ਜਿੰਨੇ ਵੀ ਕਤਲ ਹੋਏ ਹਨ, ਮੈਂ ਉਸ ਨੂੰ ਕਤਲ ਦੇ ਕੇਸ 'ਚ ਅੰਦਰ ਠੋਕ ਦੇਵਾਂ। ਉਹ ਇਨਸਾਨੀਅਤ ਕਾਤਲ ਹਨ। ਹਿੰਦੂ-ਮੁਸਲਿਮ ਪਰੰਪਰਾ ਨੂੰ ਖਤਮ ਕੀਤਾ ਹੈ। ਅੱਲਾਹ ਦੀ ਕਸਮ ਖਾ ਕੇ ਕਹਿੰਦਾ ਹਾਂ ਜੇਕਰ ਮੈਨੂੰ ਪਾਵਰ ਮਿਲੀ ਤਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਠੋਕਾਂਗਾ। ਕਾਸ਼ ਅੱਲਾਹ ਤਾਲਾ ਉਹ ਸਮਾਂ ਲਿਆਉਣ, ਫਿਰ ਮੈਂ ਦਿਖਾਵਾਂ ਕਿ ਕੀ ਹੁੰਦੀ ਹੈ ਲੀਡਰਸ਼ਿਪ।''
ਅਕਬਰ ਲੋਨ ਨੇ ਦਿੱਤਾ ਸੀ ਇਹ ਬਿਆਨ
ਦੱਸਣਯੋਗ ਹੈ ਕਿ ਅਕਬਰ ਲੋਨ ਨੇ ਕਿਹਾ ਸੀ,''ਮੇਰੇ ਪਾਰ ਵਾਲਾ ਉਹ ਮੁਸਲਿਮ ਮੁਲਕ (ਪਾਕਿਸਤਾਨ) ਹੈ, ਉਹ ਆਬਾਦ ਰਹੇ, ਉਹ ਕਾਮਯਾਬ ਰਹੇ, ਸਾਡੀ ਅਤੇ ਉਨ੍ਹਾਂ ਦੀ ਦੋਸਤੀ ਵਧੇ, ਪਾਕਿਸਤਾਨ ਅਤੇ ਹਿੰਦੁਸਤਾਨ ਦੀ ਦੋਸਤੀ ਆਪਸ 'ਚ ਰਹੇ, ਉਸ ਦੋਸਤੀ ਦਾ ਮੈਂ ਆਸ਼ਿਕ ਹਾਂ। ਜੇਕਰ ਉਨ੍ਹਾਂ ਨੂੰ ਕੋਈ ਇਕ ਗਾਲ੍ਹ ਕੱਢੇਗਾ ਤਾਂ ਮੈਂ ਉਨ੍ਹਾਂ ਨੂੰ ਇੱਥੋਂ 10 ਗਾਲ੍ਹਾਂ ਕੱਢਾਂਗਾ।'' ਅਕਬਰ ਨੇ ਕੁਪਵਾੜਾ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਜਦੋਂ ਭਾਜਪਾ ਨੇਤਾਵਾਂ ਨੇ ਮੇਰੇ ਵੱਲ ਦੇਖ ਕੇ ਪਾਕਿਸਤਾਨ ਮੁਰਦਾਬਾਦ ਕਿਹਾ ਤਾਂ ਮੈਂ ਜਵਾਬ 'ਚ ਪਾਕਿਸਤਾਨ ਜ਼ਿੰਦਾਬਾਦ ਕਿਹਾ।'' ਅਕਬਰ ਲੋਨ ਦੀ ਪਾਕਿਸਤਾਨ ਦੀ ਤਾਰੀਫ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ।