ਮੋਦੀ ਨੇ ਟਰੰਪ ਨਾਲ ਕੀਤੀ ਦੋ-ਪੱਖੀ ਵਾਰਤਾ, ਕਿਹਾ-'ਅਸੀਂ ਚੰਗੇ ਦੋਸਤ ਹਾਂ'

06/28/2019 9:20:22 AM

ਟੋਕੀਓ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਓਸਾਕਾ ਵਿਖੇ ਜੀ-20 ਸਿਖਰ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਦੋ-ਪੱਖੀ ਵਾਰਤਾ ਕੀਤੀ। ਜਾਪਾਨ-ਅਮਰੀਕਾ-ਭਾਰਤ ਵਿਚਾਲੇ ਤਿੰਨ-ਪੱਖੀ ਬੈਠਕ ਦੇ ਥੋੜ੍ਹੀ ਦੇਰ ਬਾਅਦ ਦੋਹਾਂ ਨੇਤਾਵਾਂ ਨੇ ਮੁਲਾਕਾਤ ਕੀਤੀ, ਜਿਸ ਵਿਚ ਮੋਦੀ ਨੇ ਸਮੂਹ ਲਈ 'ਭਾਰਤ ਦੇ ਮਹੱਤਵ' ਨੂੰ ਰੇਖਾਂਕਿਤ ਕੀਤਾ ਸੀ। ਤਿੰਨ ਪੱਖੀ ਬੈਠਕ ਵਿਚ ਟਰੰਪ ਨੇ ਮੋਦੀ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦਿੱਤੀ।

ਮੋਦੀ-ਟਰੰਪ ਦੀ ਬੈਠਕ ਇਸ ਲਿਹਾਜ ਨਾਲ ਵੀ ਮਹੱਤਵਪੂਰਣ ਹੈ ਕਿਉਂਕਿ ਅਮਰੀਕੀ ਉਤਪਾਦਾਂ 'ਤੇ 'ਜ਼ਿਆਦਾ ਉੱਚ' ਟੈਕਸ ਲਗਾਉਣ ਦੇ ਭਾਰਤ ਦੇ ਫੈਸਲੇ ਦੀ ਟਰੰਪ ਖੁੱਲ੍ਹ ਕੇ ਆਲੋਚਨਾ ਕਰਦੇ ਰਹੇ ਹਨ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਤਕਨਾਲੋਜੀ ਦੀ ਤਾਕਤ ਦੀ ਵਰਤੋਂ, ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਵਪਾਰ, ਈਰਾਨ ਅਤੇ 5ਜੀ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ। ਟਰੰਪ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਜਾਪਾਨ ਪਹੁੰਚਣ 'ਤੇ ਟਵੀਟ ਕੀਤਾ ਸੀ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸਬੰਧ ਵਿਚ ਗੱਲ ਕਰਨੀ ਚਾਹੁੰਦਾ ਹਾਂ ਕਿ ਭਾਰਤ ਨੇ ਸਾਲਾਂ ਤੋਂ ਅਮਰੀਕਾ ਵਿਰੁੱਧ ਜ਼ਿਆਦਾ ਟੈਕਸ ਲਗਾਇਆ ਹੋਇਆ ਹੈ ਅਤੇ ਹਾਲ ਹੀ ਦੇ ਦਿਨਾਂ ਵਿਚ ਉਸ ਨੂੰ ਹੋਰ ਵਧਾ ਦਿੱਤਾ ਹੈ। ਇਹ ਨਾਮੰਨਣਯੋਗ ਹੈ ਅਤੇ ਟੈਕਸ ਨੂੰ ਨਿਸ਼ਚਿਤ ਰੂਪ ਨਾਲ ਵਾਪਸ ਲਿਆ ਜਾਣਾ ਚਾਹੀਦਾ ਹੈ।''

 


Vandana

Content Editor

Related News