ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਬੰਦ, ਇਕ ਹਜ਼ਾਰ ਵਾਹਨ ਫਸੇ
Thursday, Jul 21, 2022 - 02:47 PM (IST)
ਜੰਮੂ- ਜੰਮੂ ਦੇ ਰਾਮਬਨ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਗਈ, ਜਿਸ ਤੋਂ ਬਾਅਦ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਨੂੰ ਵੀਰਵਾਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰੋਡ ਬਲਾਕ ਹੋਣ ਕਾਰਨ ਕਰੀਬ 1 ਹਜ਼ਾਰ ਵਾਹਨ ਉੱਥੇ ਫਸ ਗਏ। ਇਨ੍ਹਾਂ ’ਚ ਅਮਰਨਾਥ ਜਾਣ ਵਾਲੇ ਤੀਰਥ ਯਾਤਰੀਆਂ ਦਾ ਕਾਫ਼ਿਲਾ ਵੀ ਸ਼ਾਮਲ ਹੈ।
ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲੇ 270 ਕਿਲੋਮੀਟਰ ਲੰਬੇ ਇਹ ਹਾਈਵੇਅ ਵੱਡੇ-ਵੱਡੇ ਪੱਥਰਾਂ ਦੇ ਡਿੱਗਣ ਕਾਰਨ ਬੰਦ ਹੋ ਗਿਆ। ਰਾਮਬਨ ਜ਼ਿਲ੍ਹੇ ’ਚ 4 ਥਾਵਾ ’ਤੇ ਜ਼ਮੀਨ ਖਿਸਕਣ ਦੀ ਵਜ੍ਹਾ ਨਾਲ ਹਾਈਵੇਅ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਜਾਣ ਵਾਲੇ ਅਮਰਨਾਥ ਤੀਰਥ ਯਾਤਰੀਆਂ ਨੂੰ ਫ਼ਿਲਹਾਲ ਚੰਦਰਕੂਟ ਅਤੇ ਨਾਸ਼ਰੀ ’ਚ ਰੋਕਿਆ ਗਿਆ ਹੈ। ਹਾਈਵੇਅ ਨੂੰ ਆਵਾਜਾਈ ਲਈ ਬਹਾਲ ਕਰਨ ਦੀ ਕੋਸ਼ਿਸ਼ ਜਾਰੀ ਹੈ।