ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਹਾਈਵੇਅ ’ਤੇ ਫਸੇ 300 ਵਾਹਨ
Tuesday, Mar 23, 2021 - 03:58 PM (IST)
ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ’ਚ ਜਵਾਹਰ ਸੁਰੰਗ ਖੇਤਰ ਵਿਚ ਬਰਫ਼ਬਾਰੀ ਪੈਣ ਕਾਰਨ ਬਨਿਹਾਲ ਅਤੇ ਚੰਦਰਕੋਟ ਵਿਚਾਲੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਨੂੰ ਮੰਗਲਵਾਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਹਾਈਵੇਅ ਦੇ ਦੋਹਾਂ ਪਾਸਿਓਂ 300 ਤੋਂ ਵਧੇਰੇ ਵਾਹਨ ਫਸ ਗਏ। ਉਨ੍ਹਾਂ ਨੇ ਕਿਹਾ ਕਿ ਜਵਾਹਰ ਸੁਰੰਗ ਖੇਤਰ ਵਿਚ ਅੱਜ ਸਵੇਰੇ ਬਰਫ਼ਬਾਰੀ ਹੋਈ, ਜਿਸ ਤੋਂ ਬਾਅਦ ਬਨਿਹਾਲ ਅਤੇ ਕਾਜੀਗੁੰਡ ਵਿਚਾਲੇ ਆਵਾਜਾਈ ਠੱਪ ਹੋ ਗਈ।
ਅਧਿਕਾਰੀਆਂ ਨੇ ਕਿਹਾ ਕਿ ਹਾਈਵੇਅ ਦੇ ਜ਼ਿਆਦਾਤਰ ਇਲਾਕਿਆਂ ਵਿਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਮੀਂਹ ਪੈਂਦਾ ਰਿਹਾ, ਜਿਸ ਕਾਰਨ ਬਨਿਹਾਲ ਅਤੇ ਚੰਦਰਕੋਟ ਵਿਚਾਲੇ ਲੱਗਭਗ ਦਰਜਨ ਥਾਵਾਂ ’ਤੇ ਜ਼ਮੀਨ ਖਿਸਕਣ ਕਾਨ ਪੱਥਰ ਡਿੱਗੇ। ਪੁਲਸ ਅਧਿਕਾਰੀ (ਆਵਾਜਾਈ) ਪਾਰੂਲ ਨੇ ਕਿਹਾ ਕਿ ਸੋਮਵਾਰ ਰਾਤ ਤੋਂ ਨਾਸ਼ਰੀ ਅਤੇ ਚੰਦਰਕੋਟ ਵਿਚਾਲੇ ਹਾਈਵੇਅ ’ਤੇ ਵੱਡੀ ਗਿਣਤੀ ’ਚ ਵਾਹਨ ਫਸੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੌਸਮ ਠੀਕ ਹੁੰਦੇ ਹੀ ਹਾਈਵੇਅ ’ਤੇ ਆਵਾਜਾਈ ਆਮ ਹੋ ਜਾਵੇਗੀ।