ਅੱਤਵਾਦੀਆਂ ਨੇ ਪੁਲਸ ਦੀ ਮੋਟਰ ਗੱਡੀ ''ਤੇ ਸੁੱਟਿਆ ਗ੍ਰਨੇਡ
Saturday, Jan 23, 2021 - 01:46 PM (IST)
ਕਿਸ਼ਤਵਾੜ/ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕਿਸ਼ਤਵਾੜਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 20 ਕਿਲੋਮੀਟਰ ਦੂਰ ਡੈਡਪੇਥ ਨਾਮੀ ਇਕ ਇਲਾਕੇ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਪੁਲਸ ਦੀ ਇਕ ਮੋਟਰ ਗੱਡੀ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ ਇਸ ਕਾਰਨ 3 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ ਪਰ ਪੁਲਸ ਨੇ ਕਿਸੇ ਦੇ ਜ਼ਖਮੀ ਹੋਣ ਤੋਂ ਇਨਕਾਰ ਕੀਤਾ ਹੈ। ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਸ਼ਹਿਰ ਨੇੜੇ ਮੋਹਰਲੀਆਂ ਚੌਕੀਆਂ 'ਤੇ ਪਾਕਿਸਤਾਨੀ ਫ਼ੌਜ ਨੇ ਗੋਲੀਬੰਦੀ ਦੀ ਉਲੰਘਣਾ ਕਰ ਕੇ ਅੰਨ੍ਹੇਵਾਹ ਗੋਲ਼ੇ ਦਾਗ਼ੇ। ਜਿਸ ਦਾ ਭਾਰਤੀ ਫ਼ੌਜ ਨੇ ਮੂੰਹ ਤੋੜ ਜਵਾਬ ਦਿੱਤਾ। ਜਵਾਬੀ ਕਾਰਵਾਈ ਦੌਰਾਨ ਪਾਕਿਸਤਾਨੀ ਫ਼ੌਜ ਦੇ ਹੋਏ ਨੁਕਸਾਨ ਬਾਰੇ ਸ਼ੁੱਕਰਵਾਰ ਦੇਰ ਰਾਤ ਤੱਕ ਪਤਾ ਨਹੀਂ ਲੱਗ ਸਕਿਆ ਸੀ। ਆਖਰੀ ਰਿਪੋਰਟ ਆਉਣ ਤੱਕ ਦੋਹਾਂ ਪਾਸਿਆਂ ਵੱਲ ਗੋਲੀਬਾਰੀ ਜਾਰੀ ਸੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਦੇ ਜਵਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਹਾਈ ਅਲਰਟ 'ਤੇ ਹਨ। ਮਕਬੂਜ਼ਾ ਕਸ਼ਮੀਰ ਦੇ ਲਾਂਚਿੰਗ ਪੈਡ 'ਤੇ 200 ਤੋਂ 300 ਅੱਤਵਾਦੀ ਘੁਸਪੈਠ ਕਰਨ ਲਈ ਤਿਆਰ ਹਨ। ਕੁਲਗਾਮ 'ਚ ਸੁਰੱਖਿਆ ਫ਼ੋਰਸਾਂ ਨੇ ਘੇਰਾਬੰਦੀ ਅਤੇ ਤਲਾਸ਼ੀਆਂ ਦੀ ਇਕ ਮੁਹਿੰਮ ਚਲਾਈ। ਅੱਤਵਾਦੀਆਂ ਦੇ ਲੁਕੇ ਹੋਣ ਦੀਆਂ ਖੁਫ਼ੀਆ ਰਿਪੋਰਟਾਂ ਮਿਲਣ ਪਿੱਛੋਂ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਗਰੁੱਪ ਅਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੇ ਬ੍ਰਾਈਗਮ ਦੇਵਸਰ ਪਿੰਡ 'ਚ ਸਾਂਝੀ ਮੁਹਿੰਮ ਸ਼ੁਰੂ ਕੀਤੀ।