ਜੰਮੂ-ਕਸ਼ਮੀਰ 'ਚ ਫੜੇ ਗਏ ਲਸ਼ਕਰ ਦੇ 3 ਅੱਤਵਾਦੀ, ਭਾਰੀ ਗਿਣਤੀ 'ਚ ਹਥਿਆਰ ਬਰਾਮਦ

09/19/2020 11:06:39 AM

ਜੰਮੂ- ਜੰਮੂ-ਕਸ਼ਮੀਰ ਪੁਲਸ ਨੇ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਸ਼ਨੀਵਾਰ ਨੂੰ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੌਰੀ ਜ਼ਿਲ੍ਹੇ ਤੋਂ ਹਥਿਆਰਾਂ ਨਾਲ ਲੈੱਸ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜੰਮੂ ਖੇਤਰ ਦੇ ਪੁਲਸ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਨੇ ਦੱਸਿਆ ਕਿ ਰਾਜੌਰੀ ਜ਼ਿਲ੍ਹੇ 'ਚ ਪੁਲਸ ਦੀਆਂ ਟੀਮਾਂ ਨੇ ਸ਼ਨੀਵਾਰ ਸਵੇਰੇ ਭਾਰੀ ਗਿਣਤੀ 'ਚ ਹਥਿਆਰਾਂ ਨਾਲ ਲੈੱਸ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦਾ ਸੰਬੰਧ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਹੈ। ਇਹ ਸਾਰੇ ਅੱਤਵਾਦੀ ਕਸ਼ਮੀਰ ਖੇਤਰ ਤੋਂ ਆ ਰਹੇ ਸਨ। ਇਸ ਮਾਮਲੇ 'ਚ ਪੁਲਸ ਜਾਂਚ ਕਰ ਰਹੀ ਹੈ। ਪੁਲਸ ਦੇ ਸੂਤਰਾਂ ਅਨੁਸਾਰ ਅੱਤਵਾਦੀਆਂ ਨੂੰ ਰਾਜੌਰੀ ਜ਼ਿਲ੍ਹੇ ਦੇ ਗੁਰਦਨ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। 

ਪੁਲਸ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ 2 ਏ.ਕੇ.-56 ਰਾਈਫਲ, 6 ਏ.ਕੇ. ਮੈਗਜੀਨ ਅਤੇ ਉਸ ਦੀਆਂ 180 ਰਾਊਂਡ ਗੋਲੀਆਂ, 2 ਚੀਨੀ ਪਿਸਤੌਲ, ਤਿੰਨ ਹੋਰ ਪਿਸਤੌਲ ਅਤੇ ਉਸ ਦੀਆਂ 30 ਰਾਊਂਡ ਗੋਲੀਆਂ, ਚਾਰ ਗ੍ਰਨੇਡ, 2 ਪੈਕੇਟ ਅਤੇ ਇਕ ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਪੁਲਵਾਮਾ ਦੇ ਰਾਹਿਲ ਬਸ਼ੀਰ ਅਤੇ ਆਮਿਰ ਜਾਨ ਉਰਫ਼ ਹਮਜ਼ਾ ਜਦੋਂ ਸ਼ੋਪੀਆਂ ਦੇ ਹਫੀਜ਼ ਯੁਨੂਸ ਵਾਨੀ ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜੌਰੀ ਪਹੁੰਚ ਗਏ ਹਨ।

ਉੱਥੇ ਹੀ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੇ ਇਕ ਟਿਕਾਣੇ ਨੂੰ ਨਸ਼ਟ ਕਰ ਕੇ ਵੱਡੀ ਗਿਣਤੀ 'ਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਹਨ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਕੱਲ ਯਾਨੀ ਸ਼ੁੱਕਰਵਾਰ ਨੂੰ ਕੁਪਵਾੜਾ ਦੇ ਜੰਗਲਾਂ 'ਚ ਤਲਾਸ਼ੀ ਮੁਹਿੰਮ ਚਲਾਈ ਸੀ। ਕਾਫ਼ੀ ਦੇਰ ਤੱਕ ਚੱਲੀ ਇਸ ਮੁਹਿੰਮ ਦੌਰਾਨ ਉਨ੍ਹਾਂ ਨੂੰ ਹਥਿਆਰਾਂ ਦਾ ਜ਼ਖੀਰਾ ਮਿਲਿਆ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਵਿਸਫੋਟਕ, ਇਕ ਏ.ਕੇ. ਰਾਈਫਲ ਅਤੇ 2 ਯੂ.ਬੀ.ਜੀ.ਐੱਲ. ਗ੍ਰਨੇਡ ਸ਼ਾਮਲ ਹਨ। ਇਸ ਦੌਰਾਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਸ ਨੇ ਕਿਹਾ ਕਿ ਸੁਰੱਖਿਆ ਦਸਤਿਆਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ।


DIsha

Content Editor

Related News